ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਲਕਾ ਸਮਾਣਾ ਦੇ ਪਿੰਡਾਂ ਵਿੱਚ ਖੇਡ ਦੇ ਮੈਦਾਨ ਬਣਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ। ਵਿਧਾਇਕ ਜੌੜਾਮਾਜਰਾ ਨੇ ਇਸ ਦੌਰਾਨ ਆਪਣੇ ਹਲਕੇ ਦੇ ਪਿੰਡਾਂ ਨੂੰ ਕਈ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਤੇ ਕੰਮਾਂ ਦਾ ਉਦਘਾਟਨ ਕੀਤਾ।
ਉਨ੍ਹਾਂ ਦੱਸਿਆ ਕਿ ਪਿੰਡ ਤਲਵੰਡੀ ਮਲਕ ਦੇ ਖੇਡ ਗਰਾਊਂਡ ਲਈ 39 ਲੱਖ, ਛੱਪੜ ਲਈ 40 ਲੱਖ, 3 ਲੱਖ ਰੁਪਏ ਵਿਸ਼ਕਰਮਾ ਧਰਮਸ਼ਾਲਾ ਲਈ, ਪਿੰਡ ਤਲਵੰਡੀ ਕੋਠੇ ਦੇ ਵਿਕਾਸ ਕੰਮਾ ਲਈ 7 ਲੱਖ ਰੁਪਏ ਨਾਲ ਹੋਣ ਵਾਲੇ ਕੰਮਾਂ ਦਾ ਉਦਘਾਟਨ ਕੀਤਾ। ਇਸੇ ਤਰ੍ਹਾਂ ਪਿੰਡ ਬੰਮਣਾ ਦੇ ਖੇਡ ਗਰਾਊਂਡ ਲਈ 33 ਲੱਖ ਰੁਪਏ ਤੇ ਪਿੰਡ ਦੇ ਵਿਕਾਸ ਕੰਮਾ ਲਈ 11 ਲੱਖ ਰੁਪਏ ਗ੍ਰਾਂਟ ਦਿੱਤੀ।
ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮੁੱਢਲੀ ਤਰਜੀਹ ਸਿਹਤ, ਸਿੱਖਿਆ ਅਤੇ ਰੁਜ਼ਗਾਰ ਹੈ, ਇਸ ਤਹਿਤ ਹੀ ਨੌਜਵਾਨਾਂ ਨੂੰ ਆਪਣੇ ਪੈਰਾਂ ਉਤੇ ਖੜ੍ਹੇ ਹੋਣ ਦੇ ਕਾਬਲ ਬਣਾਉਣ ਅਤੇ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਨਾਲ ਜੋੜਨ ਦੇ ਉਪਰਾਲੇ ਕਰਦਿਆਂ ਰਾਜ ਭਰ ਦੇ ਸਾਰੇ ਪਿੰਡਾਂ ਵਿੱਚ ਖੇਡਾਂ ਦੇ ਮੈਦਾਨ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਪੀਏ ਗੁਰਦੇਵ ਟਿਵਾਣਾ, ਤਲਵੰਡੀ ਮਲਕ ਦੇ ਸਰਪੰਚ ਗੁਰਮੀਤ ਕੌਰ, ਸਰਪੰਚ ਤਲਵੰਡੀ ਕੋਠੇ ਰਾਜਿੰਦਰ ਸਿੰਘ, ਸਰਪੰਚ ਥੰਮਣਾ ਸੰਦੀਪ ਸਿੰਘ, ਜੇ ਈ ਸੈਰੀ ਬਾਂਸਲ, ਸਮਾਜਿਕ ਸਿੱਖਿਆ ਤੇ ਪੰਚਾਇਤ ਅਫਸਰ ਗੁਰਤੇਜ ਸਿੰਘ ਬਲਵਿੰਦਰ ਸਿੰਘ, ਹਰਦੀਪ ਸਿੰਘ ਚੀਮਾ, ਮਾਨ ਸਿੰਘ, ਚਾਚਾ ਬਲਵਿੰਦਰ ਸਿੰਘ ਅਤੇ ਨਿਸ਼ਾਨ ਸਿੰਘ ਹਾਜ਼ਰ ਸਨ।

