ਟਾਂਗਰੀ ਨਦੀ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ
ਜ਼ਿਲ੍ਹਾ ਪਟਿਆਲਾ ਦੇ ਹਲਕਾ ਘਨੌਰ, ਸਨੌਰ ਤੇ ਦੇਵੀਗੜ੍ਹ ’ਚੋਂ ਲੰਘਦੇ ਘੱਗਰ ਦਰਿਆ ਵਿੱਚ ਜਿੱਥੇ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ, ਉਥੇ ਟਾਂਗਰੀ ਨਦੀ ਤੇ ਮਾਰਕੰਡਾ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਿਹਾ ਹੈ। ਘਨੌਰ ਦੇ ਪਿੰਡ ਕਾਮੀ ਖ਼ੁਰਦ ਦੇ ਖੇਤਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ-ਹਰਿਆਣਾ ਦੀ ਹੱਦ ’ਤੇ ਪਿੰਡ ਬੁੱਧਮੋਰ ਕੋਲ ਪਿਹੋਵਾ ਰੋਡ ’ਤੇ ਟਾਂਗਰੀ ਨਦੀ ਵਿੱਚ ਪਾਣੀ ਦਾ ਪੱਧਰ 12 ਫੁੱਟ ਗੇਜ਼ ਤੋਂ ਟੱਪ ਕੇ 14 ਫੁੱਟ ’ਤੇ ਪੁੱਜ ਗਿਆ ਹੈ। ਇਸੇ ਤਰ੍ਹਾਂ ਮਾਰਕੰਡਾ ਵਿੱਚ 22 ਫੁੱਟ ਗੇਜ਼ ਤੋਂ ਉਪਰ 37 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ। ਜਦ ਕਿ ਘੱਗਰ ਦਰਿਆ ਵਿੱਚ 16 ਫੁੱਟ ਗੇਜ਼ ’ਤੇ 14 ਫੁੱਟ ਤੱਕ 16000 ਕਿਊਸਿਕ ਤੋਂ ਵੱਧ ਪਾਣੀ ਵਗ ਰਿਹਾ ਹੈ। ਕਾਬਿਲੇਗੌਰ ਹੈ ਕਿ ਜਦੋਂ ਤਿੰਨੋਂ ਨਦੀਆਂ ਆਪਸ ਵਿੱਚ ਮਿਲਣਗੀਆਂ ਤਾਂ ਘੱਗਰ ਵਿੱਚ 93 ਹਜ਼ਾਰ ਕਿਊਸਿਕ ਤੋਂ ਉਪਰ ਟੱਪ ਜਾਵੇਗਾ। ਭਸਮੜਾ ਪਿੰਡ ਤੋਂ ਅੱਗੇ ਘੱਗਰ ਦੀ ਚੌੜਾਈ ਘੱਟ ਹੋਣ ਕਾਰਨ ਇੱਥੇ ਪਾਣੀ ਜ਼ਿਆਦਾ ਮਾਰ ਕਰਦਾ ਹੈ। ਹਲਕਾ ਸਨੌਰ ਦੇ ਪਿੰਡਾਂ ਉਲਟਪੁਰ, ਜੁਲਾਹਖੇੜੀ, ਮੋਹਨਪੁਰ ਤੇ ਬਾਉਪੁਰ ਦੇ ਖੇਤਾਂ ਵਿਚ ਪਾਣੀ ਦਾਖ਼ਲ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ ਨੇ ਕਿਹਾ ਕਿ ਸਰਾਲਾ ਹੈੱਡ ਤੋਂ ਪਾਣੀ 14 ਫੁੱਟ ਤੱਕ ਪੁੱਜ ਗਿਆ ਹੈ, ਇਸ ਤੋਂ ਪਾਣੀ ਜੇਕਰ ਵਧਦਾ ਹੈ ਤਾਂ ਇਲਾਕੇ ਦੇ ਪਿੰਡਾਂ ਦੇ ਖੇਤਾਂ ਵਿਚ ਪਾਣੀ ਦਾਖ਼ਲ ਹੋ ਸਕਦਾ ਹੈ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ। ਡੀਸੀ ਪ੍ਰੀਤੀ ਯਾਦਵ ਨੇ ਕਿਹਾ ਹੈ ਕਿ ਘਨੌਰ ਹਲਕੇ ਦੇ ਪਿੰਡਾਂ ਊਂਟਸਰ, ਨਨਹੇੜੀ, ਸੰਜਰਪੁਰ, ਲਾਛੜੂ, ਕਮਾਲਪੁਰ, ਰਾਮਪੁਰ, ਸੌਂਟਾ, ਮਾੜੂ ਅਤੇ ਚਮਾਰੂ ਸਮੇਤ ਨੇੜਲੇ ਇਲਾਕਿਆਂ ਦੇ ਵਸਨੀਕ ਸੁਚੇਤ ਰਹਿਣ ਤੇ ਘੱਗਰ ਨੇੜੇ ਨਾ ਜਾਣ। ਇਸ ਤੋਂ ਇਲਾਵਾ ਦੂਧਨ ਸਾਧਾਂ ਦੇ ਐੱਸਡੀਐੱਮ ਕਿਰਪਾਲਵੀਰ ਸਿੰਘ ਮੁਤਾਬਕ ਪਿੰਡ ਭਸਮੜਾ ਅਤੇ ਜਲਾਹਖੇੜੀ ਰਾਜੂ ਖੇੜੀ ਦੇ ਵਸਨੀਕਾਂ ਨੂੰ ਵੀ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਜਦਕਿ ਪਟਿਆਲਾ ਸਬ ਡਵੀਜ਼ਨ ਦੇ ਐੱਸਡੀਐੱਮ ਹਰਜੋਤ ਕੌਰ ਮਾਵੀ ਮੁਤਾਬਕ ਪਿੰਡ ਹਡਾਣਾ, ਪੁਰ, ਧਰਮੇੜੀ, ਉਲਟਪੁਰ ਅਤੇ ਸਿਰਕੱਪੜਾ ਆਦਿ ਦੇ ਵਸਨੀਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।
ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਘਨੌਰ ਇਲਾਕੇ ਵਿੱਚ ਘੱਗਰ ਵਿਚ ਆਏ ਪਾਣੀ ਦਾ ਜਾਇਜ਼ਾ ਲਿਆ ਤੇ ਲੋਕਾਂ ਨਾਲ ਗੱਲ ਕੀਤੀ। ਉਨ੍ਹਾਂ ਇਸ ਵੇਲੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਨਾ ਪੰਜਾਬ ਸਰਕਾਰ ਨਹੀਂ ਕੇਂਦਰ ਸਰਕਾਰ ਪੰਜਾਬ ਦੀਆਂ ਨਦੀਆਂ ਦਾ ਹੱਲ ਕਰਨ ਲਈ ਤਿਆਰ ਹੈ। ਇਸੇ ਕਰਕੇ ਪਹਿਲਾਂ ਦੁਆਬੇ ਤੇ ਮਾਝੇ ਵਿਚ ਲੋਕਾਂ ਦਾ ਬੁਰਾ ਹਾਲ ਹੋਇਆ ਹੈ, ਹੁਣ ਇੱਧਰ ਪੁਆਧੀ ਖੇਤਰ ਤੇ ਮਾਲਵੇ ਦੀ ਤਬਾਹੀ ਹੋ ਰਹੀ ਹੈ।