ਘੱਗਰ ਵਿੱਚ ਪਾਣੀ ਦਾ ਪੱਧਰ 14 ਫੁੱਟ ਵਧਿਆ
ਪਟਿਆਲਾ ਜ਼ਿਲ੍ਹੇ ਵਿੱਚ ਘੱਗਰ ਅਤੇ ਹੋਰ ਨਦੀਆਂ ’ਚ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਹੈ। ਇਸ ਸਬੰਧੀ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਪ੍ਰਥਮ ਗੰਭੀਰ ਨੇ ਦੱਸਿਆ ਕਿ ਕੱਲ੍ਹ ਚੰਡੀਗੜ੍ਹ ਤੇ ਡੇਰਾਬੱਸੀ ਦੇ ਉੱਪਰਲੇ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਅੱਜ 14 ਫੁੱਟ ਤੱਕ ਪਹੁੰਚ ਗਿਆ ਸੀ ਪਰ ਹੁਣ ਇਹ ਲਗਾਤਾਰ ਘਟ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਾਲਾਂਕਿ ਪਿਛਲੇ 12 ਘੰਟਿਆਂ ਦੌਰਾਨ ਭਾਂਖਰਪੁਰ ਤੇ ਚੰਡੀਗੜ੍ਹ ਸਾਈਟ ’ਤੇ ਪਾਣੀ ਦਾ ਪੱਧਰ 2 ਫੁੱਟ ਤੱਕ ਘੱਟ ਗਿਆ ਹੈ। ਹੁਣ ਸਰਾਲਾ ਵਿੱਚ ਘੱਗਰ ਵਿੱਚ ਪਾਣੀ ਹੋਰ ਵਧਣ ਦੀ ਉਮੀਦ ਨਹੀਂ ਹੈ। ਪ੍ਰਥਮ ਗੰਭੀਰ ਨੇ ਅੱਗੇ ਕਿਹਾ ਕਿ ਹੁਣ ਸਥਿਤੀ ਕਾਬੂ ਵਿੱਚ ਹੈ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਨਾ ਘਬਰਾਉਣ ਤੇ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਜਾਣਕਾਰੀ ਅਨੁਸਾਰ ਪਟਿਆਲਾ-ਪਿਹੋਵਾ ਰੋਡ ’ਤੇ ਘੱਗਰ ਨਾਲ ਮਿਲਦੀ ਟਾਂਗਰੀ ਨਦੀ ਵਿੱਚ ਪਾਣੀ ਕਾਫ਼ੀ ਵੱਧ ਗਿਆ ਹੈ। ਇਸ ਦੌਰਾਨ ਕੁੱਲ 12 ਫੁੱਟ ਗੇਜ ਵਿੱਚ ਪਾਣੀ 10 ਫੁੱਟ ਤੱਕ ਮਾਪਿਆ ਗਿਆ ਹੈ। ਸੂਚਨਾ ਅਨੁਸਾਰ ਨਦੀ ਵਿੱਚ 20967 ਕਿਊਸਿਕ ਤੱਕ ਪਾਣੀ ਆ ਰਿਹਾ ਹੈ। ਜਦ ਕਿ ਮਾਰਕੰਡਾ ਦੇ ਮਿਲਾਨ ਮੌਕੇ ਪਾਣੀ 22 ਫੁੱਟ ਕੁੱਲ ਗੇਜ ਵਿਚ ਪਾਣੀ 16 ਫੁੱਟ ਆ ਗਿਆ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਜ਼ਿਲ੍ਹਾ ਪ੍ਰਸ਼ਾਸਨ ਦੇ ਬੁਲਾਰੇ ਨੇ ਕਿਹਾ ਸੀ ਕਿ ਜੇਕਰ ਜ਼ਿਆਦਾ ਪਾਣੀ ਆਉਣ ਦੀ ਕੋਈ ਸੂਚਨਾ ਹੋਵੇ ਤਾਂ ਤੁਰੰਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੰਟਰੋਲ ਰੂਮ ਨੰਬਰ 0175-2350550 ਉਪਰ ਸੂਚਿਤ ਕੀਤਾ ਜਾਵੇ।