DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘੱਗਰ ਤੇ ਪਟਿਆਲਾ ਨਦੀ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਆਇਆ

ਪਿੰਡਾਂ ’ਚ ਸਮੱਸਿਆ ਬਰਕਰਾਰ; ਕਈ ਪਿੰਡਾਂ ਦਾ ਸੰਪਰਕ ਟੁੱਟਿਆ; ਬਿਜਲੀ ਸਪਲਾਈ ਬੰਦ ਹੋਣ ਕਾਰਨ ਸਮੱਸਿਆਵਾਂ ਵਧੀਆਂ
  • fb
  • twitter
  • whatsapp
  • whatsapp
featured-img featured-img
ਪਟਿਆਲਾ ਦੇ ਬਾਬਾ ਦੀਪ ਸਿੰਘ ਨਗਰ ਵਿੱਚੋਂ ਪਾਣੀ ਦੀ ਮਾਰ ਹੇਠ ਆਏ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਲਿਜਾਂਦੇ ਹੋਏ ਫੌਜ ਦੇ ਜਵਾਨ। -ਫੋਟੋ: ਰਾਜੇਸ਼ ਸੱਚਰ
Advertisement

ਸਰਬਜੀਤ ਸਿੰਘ ਭੰਗੂ

ਪਟਿਆਲਾ, 11 ਜੁਲਾਈ

Advertisement

ਤਬਾਹੀ ਦਾ ਮੁੱਖ ਕਾਰਨ ਮੰਨੇ ਜਾਂਦੇ ਪਟਿਆਲਾ ਜ਼ਿਲ੍ਹੇ ਵਿਚੋਂ ਲੰਘਦੇ ਘੱਗਰ ਅਤੇ ਪਟਿਆਲਾ ਨਦੀ ਵਿਚ ਅੱਜ ਚਾਰ ਦਿਨਾਂ ਮਗਰੋਂ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਆ ਗਿਆ ਹੈ। ਸ਼ਹਿਰ ਦੇ ਪੋਸ਼ ਏਰੀਏ ਅਰਬਨ ਅਸਟੇਟ, ਚਿਨਾਰ ਬਾਗ਼ ਤੇ ਕੁਝ ਕਲੋਨੀਆਂ ਵਿਚਲੇ ਘਰਾਂ ਵਿੱਚੋਂ ਤਾਂ ਭਾਵੇਂ ਕਿ ਪਾਣੀ ਨਿਕਲ਼ ਗਿਆ ਹੈ ਪਰ ਦਿਹਾਤੀ ਖੇਤਰਾਂ ਵਿਚ ਤਬਾਹੀ ਜਾਰੀ ਹੈ। ਹਜ਼ਾਰਾਂ ਏਕੜ ਫ਼ਸਲ ਚੌਥੇ ਦਿਨ ਵੀ ਪਾਣੀ ਵਿੱਚ ਡੁੱਬੀ ਹੋਈ ਹੈ।

ਉਧਰ, ਘੱਗਰ ਅਤੇ ਹੋਰ ਨਦੀਆਂ ਨਾਲ਼ਿਆਂ ਦੇ ਉਛਲਣ ਕਾਰਨ ਪਾਣੀ ਨੇ ਅੱਜ ਸਮਾਣਾ, ਬਾਦਸ਼ਾਹਪੁਰ, ਬਲਬੇੜਾ ਅਤੇ ਪਾਤੜਾਂ ਖੇਤਰਾਂ ਵਿੱਚ ਵੀ ਤਬਾਹੀ ਮਚਾ ਦਿੱਤੀ। ਫ਼ਸਲਾਂ ਵਿੱਚ ਵਗ ਰਹੇ ਕਈ-ਕਈ ਫੁੱਟ ਪਾਣੀ ਨੇ ਖੇਤਾਂ ਵਿਚ ਰਹਿੰਦੇ ਕਿਸਾਨਾਂ ਦੇ ਘਰਾਂ ਸਣੇ ਕੁਝ ਪਿੰਡਾਂ ਨੂੰ ਵੀ ਘੇਰਿਆ ਹੋਇਆ ਹੈ। ਸੜਕਾਂ ’ਤੇ ਵਧੇਰੇ ਪਾਣੀ ਭਰਨ ਕਾਰਨ ਅੱਜ ਭੁਨਰਹੇੜੀ ਦੇ ਛਿਪਦੇ ਪਾਸੇ ਪੈਂਦੇ ਦੋ ਦਰਜਨ ਪਿੰਡਾਂ ਦਾ ਸੰਪਰਕ ਟੁੱਟਿਆ ਰਿਹਾ। ਬੱਤੀ ਗੁੱੱਲ ਹੋਣ ਕਾਰਨ ਇਨ੍ਹਾਂ ਲੋਕਾਂ ਦੇ ਮੋਬਾਈਲ ਫੋਨ ਵੀ ਬੰਦ ਹੋ ਚੁੱਕੇ ਹਨ। ਡੀਐੱਸਪੀ ਗੁਰਦੇਵ ਸਿੰਘ ਧਾਲ਼ੀਵਾਲ਼ ਨੇ ਅੱਜ ਫਸੇ ਲੋਕਾਂ ਤੱਕ ਟਰੈਕਟਰ ਰਾਹੀਂ ਪੁਲੀਸ ਮੁਲਾਜ਼ਮ ਭੇਜ ਕੇ ਰਸਦ, ਮੋਮਬੱਤੀਆਂ, ਟਾਰਚਾਂ, ਸੈੱਲ ਅਤੇ ਫੋਨ ਚਾਰਜ ਕਰਨ ਲਈ ਪਾਵਰ ਬੈਂਕ ਆਦਿ ਵੀ ਭਿਜਵਾਏ। ਪ੍ਰਸ਼ਾਸਨ ਅਤੇ ਫ਼ੌਜ ਵੱਲੋਂ ਕੁਝ ਪਰਿਵਾਰਾਂ ਨੂੰ ਪਾਣੀ ਵਾਲੇ ਇਲਾਕੇ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ।

ਸਮਾਣਾ ਨੇੜੇ ਘਰ ਵਿੱਚ ਪਾਣੀ ਭਰਨ ਕਾਰਨ ਛੱਤ ’ਤੇ ਚੜ੍ਹੇ ਹੋਏ ਲੋਕ।
ਸਮਾਣਾ ਨੇੜੇ ਘਰ ਵਿੱਚ ਪਾਣੀ ਭਰਨ ਕਾਰਨ ਛੱਤ ’ਤੇ ਚੜ੍ਹੇ ਹੋਏ ਲੋਕ।

ਘੱਗਰ ਦਰਿਆ ’ਤੇ ਕਈ ਥਾਵਾਂ ’ਤੇ ਤਾਂ ਬੰਨ੍ਹ ਨਾ ਹੋਣ ਕਾਰਨ ਪਾਣੀ ਖੁੱਲ੍ਹਾ ਹੀ ਤੁਰਿਆ ਫਿਰਦਾ ਹੈ। ਬਾਦਸ਼ਾਹਪੁਰ ਸਣੇ ਕੁਝ ਹੋਰ ਥਾਵਾਂ ’ਤੇ ਪਏ ਪਾੜ ਅੱਜ ਵੀ ਪੂਰੇ ਨਹੀਂ ਜਾ ਸਕੇ। ਉਂਜ ਘੱਗਰ ਦੇ ਸਰਾਲਾ ਹੈੱਡ ਦੇ ਨਜ਼ਦੀਕ ਸਥਿਤ ਪਿੰਡ ਲਾਛੜੂ ਵਾਸੀ ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਸਣੇ ਕੁਝ ਹੋਰ ਪਿੰਡਾਂ ਵਿਚੋਂ ਅਜੇ ਵੀ ਪਾਣੀ ਨਹੀਂ ਨਿਕਲਿਆ। ਇਕਬਾਲ ਅੰਟਾਲ ਨੇ ਦੱਸਿਆ ਕਿ ਘੱਗਰ ਤੇ ਨਰਵਾਣਾ ਬ੍ਰਾਂਚ ਦੇ ਉਛਲਣ ਤੇ ਟੁੱਟਣ ਕਾਰਨ ਸਰਾਲਾ ਕਲਾਂ ਅਤੇ ਸਰਾਲਾ ਖੁਰਦ ਵੀ ਹੜ੍ਹਾਂ ਦੇ ਪਾਣੀ ’ਚ ਘਿਰੇ ਰਹੇ। ਘਰਾਂ ਵਿੱਚ ਸਾਮਾਨ ਖ਼ਰਾਬ ਹੋ ਚੁੱਕਾ ਹੈ।

ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰੈਸ ਸਕੱਤਰ ਸੁਖਜੀਤ ਬਘੌਰਾ ਅਨੁਸਾਰ ਦਰਜਨਾ ਹੀ ਪਿੰਡਾਂ ਦੀ ਹਜ਼ਾਰਾਂ ਏਕੜ ਫ਼ਸਲ ਅਜੇ ਵੀ ਪਾਣੀ ਵਿਚ ਹੀ ਡੁੱਬੀ ਹੋਈ ਹੈ। ਕਿਸਾਨ ਆਗੂ ਜਸਦੇਵ ਸਿੰਘ ਨੂਗੀ ਤੇ ਅਮਰਿੰਦਰ ਰਾਠੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਜਰੀਕਪੁਰ ਤੇ ਰਾਠੀਆਂ ਸਮੇਤ ਅਨੇਕਾਂ ਪਿੰਡ ਹੜ੍ਹ ਵਿਚ ਘਿਰੇ ਹੋਏ ਹਨ। ਅਕਾਲੀ ਆਗੂ ਬਲਵਿੰਦਰ ਸਿੰਘ ਢੀਂਡਸਾ, ਸਾਬਕਾ ਸਰਪੰਚ ਕਾਮਰੇਡ ਹਰੀ ਸਿੰਘ ਢੀਂਡਸਾ ਤੇ ਸਮਾਜ ਸੇਵੀ ਹਰਦੀਪ ਸੇਹਰਾ ਅਨੁਸਾਰ ਦੌਣਕਲਾਂ, ਸੇਹਰਾ ਤੇ ਕਈ ਹੋਰ ਪਿੰਡਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਕੌਮੀ ਕਿਸਾਨ ਨੇਤਾ ਸਤਨਾਮ ਬਹਿਰੂ, ਬੂਟਾ ਸਿੰਘ ਸ਼ਾਦੀਪੁਰ, ਜਗਮੋਹਣ ਪਟਿਆਲਾ, ਅਵਤਾਰ ਕੌਰਜੀਵਾਲ਼ਾ ਤੇ ਧੰਨਾ ਸਿੰਘ ਸਿਓਣਾ ਨੇ ਸਰਕਾਰ ਤੋਂ ਕਿਸਾਨਾ ਦੇ ਨੁਕਸਾਨ ਦੀ ਭਰਪਾਈ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

ਮਾਰਕੰਡਾ ਤੇ ਟਾਂਗਰੀ ਨਦੀ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਉਪਰ

ਘੱਗਰ ਅਤੇ ਪਟਿਆਲਾ ਨਦੀ ਵਿਚ ਚਾਰ ਦਿਨਾਂ ਤੋਂ ਖ਼ਤਰੇ ਦੇ ਨਿਸ਼ਾਨ ਤੋਂ ਕਈ ਕਈ ਫੁੱਟ ਉੱਪਰ ਵਹਿ ਰਿਹਾ ਪਾਣੀ 12 ਜੁਲਾਈ ਦੀ ਸ਼ਾਮ ਤੱਕ ਪੰਜ ਪੰਜ ਫੁੱਟ ਹੇਠਾਂ ਆ ਗਿਆ ਸੀ। ਦੋਵਾਂ ਥਾਵਾਂ ’ਤੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨਾਂ ਤੋਂ ਇੱਕ-ਇੱਕ ਫੁੱਟ ਹੇਠਾਂ ਚਲਾ ਗਿਆ। ਘੱਗਰ ਦੇ ਸਰਾਲਾ ਹੈੱਡ ’ਤੇ ਖ਼ਤਰੇ ਦਾ ਨਿਸ਼ਾਨ 16 ਫੁੱਟ ਹੈ ਪਰ ਇੱਥੇ ਚਾਰ ਦਿਨ 20 ਫੁੱਟ ਪਾਣੀ ਰਿਹਾ ਹੈ, ਅੱਜ 15 ਫੁੱਟ ’ਤੇ ਚਲਾ ਗਿਆ। 12 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਵਾਲ਼ੀ ਪਟਿਆਲਾ ਨਦੀ ਵਿਚ ਵੀ ਅੱਜ ਪਾਣੀ 11 ਫੁੱਟ ’ਤੇ ਚਲਾ ਗਿਆ। ਭਾਰੀ ਮਾਰ ਕਰਨ ਵਾਲ਼ੀ ਟਾਂਗਰੀ ਨਦੀ ਵਿੱਚ ਭਾਵੇਂ ਪਾਣੀ ਘਟ ਕੇ 16 ਫੁੱਟ ਰਹਿ ਗਿਆ, ਪਰ ਇਹ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਚਾਰ ਫੁੱਟ ਵੱਧ ਹੈ। ਪੰਝੀਦਰੇ ’ਚ ਅੱਜ ਵੀ ਪਾਣੀ ਖ਼ਤਰੇ ਦੇ ਨਿਸ਼ਾਨ 12 ਤੋਂ ਇੱਕ ਫੁੱਟ ਉਪਰ ਹੈ। ਦਸ ਫੁੱਟ ਦੇ ਖਤਰੇ ਵਾਲ਼ੇ ਢਕਾਣਸੂ ’ਚ ਤਾਂ ਪਾਣੀ ਚਾਰ ਫੁੱਟ ਹੀ ਰਹਿ ਗਿਆ ਹੈ। ਉਧਰ, ਮਾਰਕੰਡੇ ਵਿੱਚ ਪਾਣੀ ਅਜੇ ਵੀ 24 ਫੁੱੱਟ ਹੈ, ਜਿਥੇ ਖ਼ਤਰੇ ਦਾ ਨਿਸ਼ਾਨ 20 ਫੁੱਟ ’ਤੇ ਹੈ।

Advertisement
×