ਯੁੱਧ ਨਸ਼ਿਆਂ ਵਿਰੁੱਧ: ਸਮਾਣਾ ਪੁਲੀਸ ਵੱਲੋਂ ਤਲਵੰਡੀ ਮਲਕ ’ਚ ‘ਕਾਸੋ’ ਅਪਰੇਸ਼ਨ
ਸੁਭਾਸ਼ ਚੰਦਰ
ਸਮਾਣਾ, 21 ਜੂਨ
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਮਾਣਾ ਪੁਲੀਸ ਨੇ ਡੀ.ਐੱਸ.ਪੀ. ਫਤਿਹ ਸਿੰਘ ਬਰਾੜ ਦੀ ਅਗਵਾਈ ਹੇਠ ਸਬ-ਡਿਵੀਜ਼ਨ ਸਮਾਣਾ ਅਧੀਨ ਪੈਂਦੇ ਪਿੰਡ ਤਲਵੰਡੀ ਮਲਿਕ ਵਿੱਚ ਸਵੇਰੇ 9 ਵਜੇ ਤੋਂ 4 ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾਈ ਜਿਸ ਵਿੱਚ ਸਦਰ ਪੁਲੀਸ ਮੁਖੀ ਅਜੇ ਕੁਮਾਰ ਪਰੋਚਾ, ਸਿਟੀ ਪੁਲੀਸ ਮੁਖੀ ਜਸਪ੍ਰੀਤ ਸਿੰਘ ਸਮੇਤ ਸਮਾਣਾ ਮੁੱਖ ਇੰਸਪੈਕਟਰ ਅੰਕੁਰਦੀਪ ਸਿੰਘ ਅਤੇ ਸਮਾਣਾ ਤੇ ਪਾਤੜਾਂ ਸਰਕਲ ਦੀ ਪੁਲੀਸ ਸ਼ਾਮਲ ਹੋਈ। ਇਸ ਦੌਰਾਨ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਦੋ ਨਸ਼ਾ ਤਸਕਰਾਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਡੀ.ਐੱਸ.ਪੀ. ਸਮਾਣਾ ਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਮਿਲੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਪਿੰਡ ਦੇ ਦੋਵੇਂ ਐਂਟਰੀ ਪੁਆਇੰਟਾਂ ’ਤੇ ਨਾਕਾਬੰਦੀ ਕਰ ਕੇ ਸ਼ੱਕ ਦੇ ਘੇਰੇ ਵਿੱਚ ਆਏ ਵਿਅਕਤੀਆਂ ਦੇ ਘਰਾਂ ’ਚ ਛਾਪੇ ਮਾਰੇ ਗਏ। ਅਧਿਕਾਰੀ ਅਨੁਸਾਰ ਪੁਲੀਸ ਪਾਰਟੀ ਵੱਲੋਂ ਤਲਵੰਡੀ-ਖੱਤਰੀਵਾਲਾ ਰਸਤੇ ’ਤੇ ਚੋਅ ਨੇੜੇ ਬੈਠ ਕੇ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਕਰਮਜੀਤ ਸਿੰਘ ਉਰਫ ਕੰਮਾ ਵਾਸੀ ਵੜੈਚਾਂ ਪੱਤੀ, ਸਮਾਣਾ ਕੋਲੋਂ 190 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ’ਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸੇ ਤਰ੍ਹਾਂ ਗੁਰਵਿੰਦਰ ਸਿੰਘ ਉਰਫ਼ ਭੂਰਾ ਵਾਸੀ ਪਿੰਡ ਝਾੜੋ (ਜ਼ਿਲ੍ਹਾ ਸੰਗਰੂਰ) ਕੋਲੋਂ ਲਾਈਟਰ ਤੇ ਸਿਲਵਰ ਪੇਪਰ ਬਰਾਮਦ ਹੋਣ ’ਤੇ ਉਸ ਨੂੁੰ ਹਿਰਾਸਤ ਵਿੱਚ ਲਿਆ ਗਿਆ। ਇਸ ਦੌਰਾਨ ਕੁਝ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਜਿਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਚਿਤਾਵਨੀ ਦਿੱਤੀ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਜਾਇਦਾਦ ਨੂੰ ਕਾਨੂੰਨ ਅਨੁਸਾਰ ਜ਼ਬਤ ਕੀਤਾ ਜਾਵੇਗਾ।
ਨਸ਼ੀਲੀਆਂ ਗੋਲੀਆਂ ਸਣੇ ਕਾਬੂ
ਲਹਿਰਾਗਾਗਾ: ਥਾਣਾ ਛਾਜਲੀ ਵਿੱਚ ਇੱਕ ਸ਼ੱਕੀ ਨੌਜਵਾਨ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਇੰਸਪੈਕਟਰ ਛਾਜਲੀ ਗੁਰਮੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਗਸ਼ਤ ਦੌਰਾਨ ਇੱਕ ਸ਼ੱਕੀ ਨੌਜਵਾਨ ਨੂੰ ਕਾਬੂ ਕੀਤਾ ਜਿਸ ਦੀ ਪਛਾਣ ਹਰਭੋਲ ਖਾਨ ਭੋਲੂ ਵਾਸੀ ਖਡਿਆਲ ਵਜੋਂ ਹੋਈ। ਉਸ ਕੋਲੋਂ ਮਿਲੇ ਲਿਫ਼ਾਫ਼ੇ ਨੂੰ ਚੈੱਕ ਕਰਨ ’ਤੇ ਉਸ ’ਚੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲੀਸ ਨੇ ਐੱਨਡੀਪੀਐੱਸ ਐਕਟ ਅਧੀਨ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ