DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਵਿਸ਼ਵਕਰਮਾ ਦਿਵਸ

ਮੂਰਤੀ ਇਸ਼ਨਾਨ ਮਗਰੋਂ ਹਵਨ ਯੱਗ ਕਰਵਾਏ; ਸੰਸਦ ਡਾ. ਅਮਰ ਸਿੰਘ ਵੱਲੋਂ ਮੰਦਰ ਨਿਰਮਾਣ ਲਈ 5 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ
  • fb
  • twitter
  • whatsapp
  • whatsapp
featured-img featured-img
ਖੰਨਾ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹੋਏ ਡਾ. ਗੋਪੀ ਚੰਦ ਲੋਟੇ, ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਹੋਰ।
Advertisement

ਜੋਗਿੰਦਰ ਸਿੰਘ ਓਬਰਾਏ

ਖੰਨਾ/ਦੋਰਾਹਾ, 2 ਨਵੰਬਰ

Advertisement

ਹਰ ਸਾਲ ਵਾਂਗ ਇਸ ਵਾਰ ਵੀ ਵਿਸ਼ਵਕਰਮਾ ਐਜੂਕੇਸ਼ਨ ਐਂਡ ਵੈੱਲਫੇਅਰ ਸਭਾ ਵੱਲੋਂ ਬਲਵਿੰਦਰ ਸਿੰਘ ਸੌਂਦ ਦੀ ਪ੍ਰਧਾਨਗੀ ਹੇਠ ਸ੍ਰੀ ਵਿਸ਼ਵਕਰਮਾ ਦਾ 65ਵਾਂ ਸਾਲਾਨਾ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਇਥੋਂ ਦੀ ਨਵੀਂ ਅਬਾਦੀ ਸਥਿਤ ਮੰਦਰ ਵਿੱਚ ਮਨਾਇਆ। ਇਸ ਮੌਕੇ ਸਵੇਰੇ ਮੂਰਤੀ ਇਸ਼ਨਾਲ ਮਗਰੋਂ ਹਵਨ ਯੱਗ ਨਰਿੰਦਰ ਮਾਨ ਵੱਲੋਂ ਆਰੰਭ ਹੋਇਆ ਜਿਸ ਵਿਚ ਅਹੂਤੀ ਪਾਉਣ ਦੀ ਰਸਮ ਸਾਬਕਾ ਕੌਂਸਲਰ ਜਤਿੰਦਰ ਦੇਵਗਨ ਨੇ ਨਿਭਾਈ। ਇਸ ਦੌਰਾਨ ਝੰਡਾ ਲਹਿਰਾਉਣ ਦੀ ਰਸਮ ਡਾ. ਗੋਪੀ ਚੰਦ ਲੋਟੇ ਵਾਲਿਆਂ ਨੇ ਅਦਾ ਕੀਤੀ ਅਤੇ ਖੂਨਦਾਨ ਕੈਂਪ ਦਾ ਉਦਘਾਟਨ ਗੁਰਲੀਨ ਸਿੰਘ ਸੌਂਦ ਨੇ ਕੀਤਾ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕਰਦਿਆਂ ਸੰਗਤ ਨੂੰ ਵਧਾਈ ਦਿੱਤੀ ਅਤੇ ਮੰਦਰ ਦੇ ਚੱਲ ਰਹੇ ਨਿਰਮਾਣ ਕਾਰਜਾਂ ਵਿਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਸਮੁੱਚੀ ਦੁਨੀਆ ਵਿੱਚ ਵਿਸ਼ਵਕਰਮਾ ਵੰਸ਼ੀਆਂ ਵੱਲੋਂ ਵੱਡੀਆਂ ਤਰੱਕੀਆਂ ਨੂੰ ਛੂਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਰਾਮਗੜ੍ਹੀਆ ਭਾਈਚਾਰੇ ਦੀ ਉਸਾਰੂ ਸੋਚ ਸਦਕਾ ਹੀ ਅੱਜ ਭਾਈਚਾਰੇ ਦੀ ਇਕਜੁੱਟਤਾ ਸਦਕਾ ਵਿਸ਼ਵਕਰਮਾ ਮੰਦਰ ਵਿਚ ਕਮਿਊਨਿਟੀ ਹਾਲ ਬਣ ਰਿਹਾ ਹੈ ਅਤੇ ਇਸੇ ਤਰ੍ਹਾਂ ਜੀਟੀ ਰੋਡ ਸਥਿਤ ਰਾਮਗੜ੍ਹੀਆ ਭਵਨ ਵਿੱਚ ਵੀ ਲੋਕਾਂ ਦੀ ਸਹੂਲਤ ਲਈ ਕਮਿਊਨਿਟੀ ਹਾਲ ਬਣਾਇਆ ਗਿਆ ਹੈ ਜੋ ਸ਼ਹਿਰ ਦੀ ਵੱਡੀ ਸ਼ਾਨ ਹਨ। ਉਨ੍ਹਾਂ ਹਲਕਾ ਫਤਹਿਗੜ੍ਹ ਸਾਹਿਬ ਤੋਂ ਸੰਸਦ ਡਾ. ਅਮਰ ਸਿੰਘ ਜੋ ਇਸ ਸਮੇਂ ਅਮਰੀਕਾ ਦੌਰੇ ’ਤੇ ਗਏ ਹਨ, ਵੱਲੋਂ ਮੰਦਰ ਵਿਖੇ ਚੱਲ ਰਹੇ ਨਿਰਮਾਣ ਕਾਰਜਾਂ ਲਈ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਸੌਂਦ ਦੇ ਭਰਾ ਰਮਨਜੀਤ ਸਿੰਘ ਸੌਂਦ, ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਰਾਜਿੰਦਰ ਸਿੰਘ ਜੀਤ, ਡਾ. ਗੋਪੀ ਚੰਦ ਲੋਟੇ, ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਉੱਭੀ ਨੇ ਸੰਸਥਾ ਦੇ ਕਾਰਜਾਂ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਸਮਾਗਮ ਦੌਰਾਨ ਬਾਬਾ ਬਲਵਿੰਦਰ ਦਾਸ ਗੱਦੀ ਨਸ਼ੀਨ ਅਤੇ ਹੋਰ ਵਿਦਵਾਨਾਂ ਨੇ ਕੀਰਤਨ ਕੀਤਾ। ਇਸੇ ਤਰ੍ਹਾਂ ਖੂਨਦਾਨ ਕੈਂਪ ਵਿੱਚ ਹਿਊਮਨ ਵੈੱਲਫ਼ੇਅਰ ਬਲੱਡ ਸੁਸਾਇਟੀ ਅਤੇ ਮਹਾਂਕਾਲ ਬਲੱਡ ਸੇਵਾ ਦੀ ਟੀਮ ਵੱਲੋਂ ਲਾਏ ਕੈਂਪ ਦੌਰਾਨ ਸਿਵਲ ਹਸਪਤਾਲ ਅਤੇ ਆਈਵੀਵਾਈ ਹਸਪਤਾਲ ਦੀਆਂ ਟੀਮਾਂ ਨੇ 67 ਯੂਨਿਟ ਖੂਨ ਇੱਕਤਰ ਕੀਤਾ। ਇਸ ਤੋਂ ਇਲਾਵਾ ਭਾਈ ਘਨੱਈਆ ਸੇਵਾ ਸੁਸਾਇਟੀ ਦੇ ਨਿਰਮਲ ਸਿੰਘ ਨਿੰਮਾ ਅਤੇ ਜਤਿੰਦਰ ਕੁਮਾਰ ਮਹਿਮੀ ਨੇ ਬੂਟਿਆਂ ਦਾ ਲੰਗਰ ਲਾਇਆ। ਅੰਤ ਵਿਚ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲਿਆਂ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ।

ਇਸੇ ਤਰ੍ਹਾਂ ਦੋਰਾਹਾ ਵਿੱਚ ਇਥੋਂ ਦੇ ਵਿਸ਼ਵਕਰਮਾ ਮੰਦਰ ਵਿੱਚ 65ਵਾਂ ਵਾਰਸ਼ਿਕ ਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਤੜਕੇ ਮੂਰਤੀ ਇਸ਼ਨਾਨ ਮਗਰੋਂ ਹਵਨ ਯੱਗ ਕੀਤਾ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਹਲਕਾ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੇ ਸਭ ਨੂੰ ਬਾਬਾ ਵਿਸ਼ਵਕਰਮਾ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ।

ਮਾਛੀਵਾੜਾ ਵਿੱਚ ਲੰਗਰ ਦੀ ਸ਼ੁਰੂਆਤ ਕਰਵਾਉਂਦੇ ਹੋਏ ਰਾਜੇਸ਼ ਕੁਮਾਰ ਬਿੱਟੂ ਤੇ ਹੋਰ।

ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਵਿਸ਼ਵਕਰਮਾ ਮੰਦਰ ਸਭਾ ਵੱਲੋਂ ਅੱਜ ਵਿਸ਼ਵਕਰਮਾ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ ਮੰਦਰ ਵਿੱਚ ਸ਼ਰਧਾਲੂਆਂ ਅਤੇ ਪੁਜਾਰੀ ਦਿਵਾਰਕਾ ਪ੍ਰਸ਼ਾਦ ਨੇ ਮੂਰਤੀ ਇਸ਼ਨਾਨ ਕਰਵਾਇਆ ਤੇ ਪੂਜਾ ਅਰਚਨਾ ਮਗਰੋਂ ਹਵਨ ਕਰਵਾਇਆ ਗਿਆ। ਅੱਜ ਸਵੇਰ ਤੋਂ ਹੀ ਸ਼ਰਧਾਲੂ ਮੰਦਰ ਵਿਚ ਨਤਮਸਤਕ ਹੋਣ ਲਈ ਆ ਰਹੇ ਸਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਕਾਂਗਰਸੀ ਆਗੂ ਰਾਜੇਸ਼ ਬਿੱਟੂ ਨੇ ਲੰਗਰ ਦੀ ਸ਼ੁਰੂਆਤ ਕਰਵਾਈ। ਸ਼ਰਧਾਲੂ ਬੀਬੀਆਂ ਨੇ ਕੀਰਤਨ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਗਿੱਲ, ਪ੍ਰਵੀਨ ਮੱਕੜ, ਨੰਦ ਕਿਸ਼ੋਰ, ਬੇਅੰਤ ਸਿੰਘ, ਕੁਲਵਿੰਦਰ ਸਿੰਘ ਮਾਣੇਵਾਲ, ਜਸਦੇਵ ਸਿੰਘ ਬਿੱਟੂ, ਸਦਬਲਿਹਾਰ ਕੰਗ ਤੇ ਭੂਸ਼ਣ ਜੈਨ ਵੀ ਮੌਜੂਦ ਸਨ। ਮੰਦਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ, ਸਕੱਤਰ ਰਾਜ ਕੁਮਾਰ, ਹਰਪ੍ਰੀਤ ਸਿੰਘ, ਅਭੈਪਾਲ, ਗੁਰਦਰਸ਼ਨ ਸਿੰਘ ਲੀਹਲ, ਸੁਖਦੇਵ ਰਾਜ, ਦਲਬੀਰ ਚੰਦ ਧੀਰ, ਦੇਸ ਰਾਜ ਮਹਿਲ, ਮੋਹਣ ਸਿੰਘ ਰਾਵਦੇ, ਸੰਜੀਵ ਕੁਮਾਰ ਮੈਣ, ਰਾਕੇਸ਼ ਕੁਮਾਰ, ਜੀਵਨ ਕੁਮਾਰ ਲੀਹਲ, ਗੁਰਦਿੱਤ ਕੁਮਾਰ, ਸਹਾਰਨ ਕੁਮਾਰ, ਦੀਪਕ ਕੁਮਾਰ, ਗੁਰਵਿੰਦਰਪਾਲ, ਦਰਸ਼ਨ ਲਾਲ ਮਹਿਲ, ਸੱਤਪਾਲ ਲੀਹਲ, ਕਰਨੈਲ ਸਿੰਘ ਗੜ੍ਹੀ ਬੇਟ, ਅਸ਼ੋਕ ਕੁਮਾਰ ਲੀਹਲ, ਸਰਪ੍ਰਸਤ ਪ੍ਰੇਮ ਚੰਦ ਲੀਹਲ, ਦੇਸ ਰਾਜ ਲੀਹਲ, ਮਾਸਟਰ ਗੁਰਮਿੱਤਰ ਸਿੰਘ, ਲਕਸ਼ਮੀ ਨਰਾਇਣ, ਧਰਮਪਾਲ ਲੀਹਲ ਤੇ ਹੋਰ ਮੌਜੂਦ ਸਨ।

ਵਿਸ਼ਵਕਰਮਾ ਦੀ ਜੀਵਨੀ ਸਿਲੇਬਸ ਵਿੱਚ ਲਗਾਉਣ ਦੀ ਮੰਗ

ਅਹਿਮਦਗੜ੍ਹ ਵਿੱਚ ਪੂਜਾ ਉਤਸਵ ਸ਼ੁਰੂ ਕਰਵਾਉਂਦੇ ਹੋਏ ਪ੍ਰਬੰਧਕ।

ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਮਾਲੇਰਕੋਟਲਾ ਅਤੇ ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੇ ਪਿੰਡਾਂ ਤੇ ਕਸਬਿਆਂ ਵਿੱਚ ਮਨਾਏ ਗਏ ਬਾਬਾ ਵਿਸ਼ਵਕਰਮਾ ਦੇ ਪੂਜਾ ਉਤਸਵ ਦੌਰਾਨ ਪ੍ਰਬੰਧਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਕਾਲਜਾਂ ਦੇ ਸਿਲੇਬਸਾਂ ਵਿੱਚ ਬਾਬਾ ਵਿਸ਼ਵਕਰਮਾ ਦੀ ਜੀਵਨੀ ਸ਼ਾਮਲ ਕੀਤੀ ਜਾਵੇ। ਇਸ ਮੌਕੇ ਤਿਰਲੋਚਨ ਸਿੰਘ ਚਾਪੜਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਮੁੱਖ ਸਮਾਗਮ ਦੌਰਾਨ ਸਮਾਜ ਸੇਵੀ ਤੇ ਵਾਤਾਵਨਰ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ, ਰਣਧੀਰ ਸਿੰਘ ਹੂੰਜਨ ਅਤੇ ਦਰਸ਼ਨ ਸਿੰਘ ਲੋਟੇ ਸਮੇਤ ਬੁਲਾਰਿਆਂ ਨੇ ਅਫਸੋਸ ਪ੍ਰਗਟ ਕੀਤਾ ਕਿ ਹੁਣ ਤੱਕ ਦੀਆਂ ਸਰਕਾਰਾਂ ਦੇ ਦਸਤਕਾਰੀ ਤੇ ਸ਼ਿਲਪ ਕਲਾ ਦੀ ਨੀਂਹ ਰੱਖਣ ਵਾਲੇ ਬਾਬਾ ਵਿਸ਼ਵਕਰਮਾ ਦੇ ਉਪਦੇਸ਼ਾਂ ਅਤੇ ਵਿਚਾਰਧਾਰਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ। ਉਨ੍ਹਾਂ ਖੇਤਰ ਦੇ ਨੌਜਵਾਨਾਂ ਨੂੰ ਭਗਵਾਨ ਵਿਸ਼ਵਕਰਮਾ ਦੀਆਂ ਸਿੱਖਿਆਵਾਂ ਅਤੇ ਵਿਚਾਰਧਾਰਾ ਨੂੰ ਗ੍ਰਹਿਣ ਕਰਕੇ ਆਪਣੇ ਹੁਨਰ ਨੂੰ ਨਿਖਾਰਨ ਦਾ ਸੱਦਾ ਦਿੰਦਿਆਂ ਬੁਲਾਰਿਆਂ ਨੇ ਦਲੀਲ ਦਿੱਤੀ ਕਿ ਬਾਬਾ ਵਿਸ਼ਵਕਰਮਾ ਦੇ ਜੀਵਨ ਨੂੰ ਸਿਲੇਬਸ ਵਿੱਚ ਸ਼ਾਮਲ ਕਰਨ ਨਾਲ ਨੌਜਵਾਨਾਂ ਤੇ ਲੋਕਾਂ ਦੀ ਜੀਵਨ ਸ਼ੈਲੀ ਨੂੰ ਉੱਚਾ ਚੁੱਕਣ ਅਤੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ​​ਕਰਨ ਵਿੱਚ ਵੱਡੀ ਮਦਦ ਮਿਲੇਗੀ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਵਿਕਾਸ ਸ਼ਰਮਾ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਵਿਧਾਇਕ ਗੱਜਨਮਾਜਰਾ ਦੇ ਭਰਾ ਕੁਲਵੰਤ ਸਿੰਘ ਗੱਜਨਮਾਜਰਾ, ਸਾਬਕੇ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਤੇ ਸਾਬਕਾ ਪ੍ਰਧਾਨ ਦਰਸ਼ਨ ਲੋਟੇ ਨੇ ਵੀ ਹਾਜ਼ਰੀ ਲਗਵਾਈ।

Advertisement
×