ਵਿਕਾਸ ਕਾਰਜਾਂ ਨਾਲ ਪਿੰਡਾਂ ਨੂੰ ਮਿਲੇਗੀ ਨਵੀਂ ਪਛਾਣ: ਨੀਨਾ ਮਿੱਤਲ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 4 ਜੁਲਾਈ
ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਨੇ ਮਿਨੀ ਸਕੱਤਰੇਤ ਵਿੱਚ ਗ੍ਰਾਮ ਪੰਚਾਇਤਾਂ ਨਾਲ ਮੀਟਿੰਗ ਕਰਕੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਉਨ੍ਹਾਂ ਗ੍ਰਾਮ ਪੰਚਾਇਤਾਂ ਨਾਲ ਸਿੱਧੀ ਗੱਲਬਾਤ ਕਰਕੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਉਨ੍ਹਾਂ ਦੇ ਤੁਰੰਤ ਹੱਲ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕੜੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਮਾਨ ਸਰਕਾਰ ਪਿੰਡਾਂ ਨੂੰ ਸ਼ਹਿਰੀ ਸਹੂਲਤਾਂ ਦੇ ਨਾਲ ਜੋੜੇਗੀ। ਇਸ ਮੌਕੇ ਐੱਸਡੀਐੱਮ ਰਾਜਪੁਰਾ ਅਵਿਕੇਸ਼ ਗੁਪਤਾ, ਬੀਡੀਪੀਓ ਬੰਨਦੀਪ ਸਿੰਘ, ਐਡਵੋਕੇਟ ਲਵੀਸ਼ ਮਿੱਤਲ, ਪੰਚਾਇਤ ਅਫ਼ਸਰ ਸਤਵਿੰਦਰ ਸਿੰਘ ਭੰਗੂ, ਰਾਜਵਿੰਦਰ ਸਿੰਘ ਯੂਨੀਅਰ ਸਹਾਇਕ ਲੇਖਾਕਾਰ ਵੀ ਮੌਜੂਦ ਸਨ।
ਵਿਧਾਇਕਾ ਨੀਨਾ ਮਿੱਤਲ ਨੇ ਗ੍ਰਾਮ ਪੰਚਾਇਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਹਰ ਪਿੰਡ ਦੇ ਕੋਨੇ-ਕੋਨੇ ਤੱਕ ਵਿਕਾਸ ਦੇ ਕੰਮ ਪਹੁੰਚਾਉਣਾ ਹੈ ਤਾਂ ਜੋ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਿਲ ਸਕਣ। ਉਨ੍ਹਾਂ ਗ੍ਰਾਮ ਪੰਚਾਇਤਾਂ ਨੂੰ ਨਿਰਦੇਸ਼ ਦਿੱਤੇ ਕਿ ਆਪੋ-ਆਪਣੇ ਪਿੰਡ ਦੀ ਸਾਂਝੀ ਰਾਇ ਨਾਲ ਪਹਿਲਾਂ ਜ਼ਰੂਰੀ ਹੋਣ ਵਾਲੇ ਕੰਮਾਂ ਦੇ ਮਤੇ ਪਾ ਕੇ ਭੇਜੇ ਜਾਣ ਵਿਕਾਸ ਕਾਰਜਾਂ ਲਈ ਫੰਡਾ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪੰਚਾਇਤ ਸੈਕਟਰੀ ,ਹਲਕਾ ਰਾਜਪੁਰਾ ਦੇ ਪੰਚ ਸਰਪੰਚ ਅਤੇ ਸਬੰਧਤ ਵਿਭਾਗ ਦੇ ਅਧਿਕਾਰੀ ਅਤੇ ਪਾਰਟੀ ਦੇ ਸੀਨੀਅਰ ਅਹੁਦੇਦਾਰ ਮੌਜੂਦ ਸਨ।