ਸਮਾਣਾ ਵਿੱਚ ਅੱਠ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ
ਸੁਭਾਸ਼ ਚੰਦਰ
ਸਮਾਣਾ, 14 ਜੁਲਾਈ
ਰੀਜਨਲ ਟਰਾਂਸਪੋਰਟ ਅਫ਼ਸਰ ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੇਫ਼ ਸਕੂਲ ਵਾਹਨ ਨੀਤੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਸਮਾਣਾ ਦੇ ਸਕੂਲਾਂ ਨੂੰ ਨੋਟਿਸ ਜਾਰੀ ਕਰ ਕੇ 10 ਦਿਨਾਂ ਦੇ ਅੰਦਰ-ਅੰਦਰ ਨਿਯਮਾਂ ਦੀ ਪਾਲਣ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਮੁਤਾਬਕ ਸਮਾਣਾ ਦੇ ਐੱਸਡੀਐੱਮ ਰਿਚਾ ਗੋਇਲ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ ਤੇ ਟਰਾਂਸਪੋਰਟ ਵਿਭਾਗ ਅਤੇ ਟਰੈਫਿਕ ਪੁਲੀਸ ਦੀ ਟੀਮ ਵੱਲੋਂ ਸਮਾਣਾ ਸਬ ਡਿਵੀਜ਼ਨ ਅੰਦਰ ਪੈਂਦੇ 8 ਪ੍ਰਾਈਵੇਟ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਸੇਫ ਸਕੂਲ ਵਾਹਨ ਨੀਤੀ ਤਹਿਤ ਸਾਹਮਣੇ ਆਈਆਂ ਖਾਮੀਆਂ ਕਰਕੇ 66 ਚਲਾਨ ਕੱਟੇ ਗਏ ਤੇ 4 ਵਾਹਨ ਬੰਦ ਕੀਤੇ ਗਏ ਹਨ ਜਦਕਿ 1 ਲੱਖ 75 ਹਜ਼ਾਰ ਰੁਪਏ ਦੇ ਜੁਰਮਾਨੇ ਵੀ ਕੀਤੇ ਗਏ ਹਨ। ਐੱਸਡੀਐੱਮ ਰਿਚਾ ਗੋਇਲ ਨੇ ਦੱਸਿਆ ਕਿ 7, 9 ਅਤੇ 11 ਜੁਲਾਈ ਨੂੰ ਕ੍ਰਮਵਾਰ 2, 4 ਅਤੇ 2 ਸਕੂਲਾਂ ਦੀ ਚੈਕਿੰਗ ਕੀਤੀ ਗਈ। ਇਸ ਤੋਂ ਬਿਨਾਂ ਇਨ੍ਹਾਂ ਸਕੂਲਾਂ ਵਿੱਚ ਪੋਕਸੋ ਐਕਟ ਅਤੇ ਸਕੂਲ ਬੈਗ ਬਾਰੇ ਨੀਤੀ ਤਹਿਤ ਚੈਕਿੰਗ ਕੀਤੀ ਗਈ ਅਤੇ ਲੈਕਚਰ ਵੀ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਵਾਰ-ਵਾਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਕਿ ਸਕੂਲੀ ਬੱਚਿਆਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ਲਈ ਕੋਈ ਕੁਤਾਹੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਗਿਆ ਕਿ ਜੇਕਰ ਸਕੂਲਾਂ ਦੇ ਵਾਹਨਾਂ ਜਾਂ ਪ੍ਰਾਈਵੇਟ ਵਾਹਨ ਹਰ ਪਖੋਂ ਸਹੀ ਹੋਣਗੇ ਤਾਂ ਹੀ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਂਈ ਜਾ ਸਕਦੀ ਹੈ। ਬੱਚਿਆਂ ਦੀ ਸੁਰੱਖਿਆ ਪ੍ਰਸ਼ਾਸਨ, ਸਕੂਲਾਂ, ਮਾਪਿਆਂ ਆਦਿ ਸਭ ਦੀ ਸਮੂਹਿਕ ਜ਼ਿੰਮੇਵਾਰੀ ਹੈ।