ਉਸਤਾਦ ਜਿਲਾਨੀ ਤੇ ਸੁਨੀਲ ਡੋਗਰਾ ਨੇ ਦਰਸ਼ਕ ਕੀਲੇ
ਉੱਤਰੀ ਖੇਤਰ ਸੱਭਿਆਚਾਰਕ ਕੇਂਦਰ (ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ), ਪਟਿਆਲਾ ਵੱਲੋਂ ਕਰਵਾਏ ਤਿੰਨ-ਰੋਜ਼ਾ ਸਾਵਣ ਉਤਸਵ ਦੇ ਦੂਜੇ ਦਿਨ, ਇੱਥੇ ਕਾਲੀਦਾਸ ਆਡੀਟੋਰੀਅਮ ਵਿੱਚ ਸਮਾਗਮ ਦੌਰਾਨ ਕਸ਼ਮੀਰੀ ਗਾਇਕ ਉਸਤਾਦ ਵਾਹਿਦ ਜਿਲਾਨੀ ਅਤੇ ਗ਼ਜ਼ਲ ਗਾਇਕ ਸੁਨੀਲ ਡੋਗਰਾ ਨੇ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੂਰਾ ਹਾਲ ਦਰਸ਼ਕਾਂ ਦੀਆਂ ਤਾੜੀਆਂ ਅਤੇ ਕਲਾਕਾਰਾਂ ਦੇ ਸਨਮਾਨ ਵਿੱਚ ਵਾਹ-ਵਾਹ ਦੀ ਆਵਾਜ਼ ਨਾਲ ਗੂੰਜ ਉੱਠਿਆ।
ਸਮਾਗਮ ਦੇ ਪਹਿਲੇ ਸੈਸ਼ਨ ਵਿੱਚ ਵਾਹਿਦ ਜਿਲਾਨੀ ਨੇ ਆਪਣੀ ਗਾਇਕੀ ਰਾਹੀਂ ਕਸ਼ਮੀਰੀ ਸੱਭਿਆਚਾਰ ਨੂੰ ਪੇਸ਼ ਕੀਤਾ। ਉਨ੍ਹਾਂ ਨਾਲ ਆਏ ਕਲਾਕਾਰਾਂ ਵਿੱਚ ਰਵਾਬ ’ਤੇ ਗ਼ੁਲਾਮ ਮੁਹੰਮਦ ਲੋਨ, ਸੰਤੂਰ ’ਤੇ ਉਮਰ ਮਜ਼ੀਦ, ਤਬਲੇ ’ਤੇ ਜੋਗਿੰਦਰ ਅਤੇ ਕੀਬੋਰਡ ’ਤੇ ਵਿੱਕੀ ਆਦਿ ਸ਼ਾਮਲ ਸਨ। ਸਮਾਗਮ ਦੇ ਦੂਜੇ ਪੜਾਅ ਵਿੱਚ ਪ੍ਰਸਿੱਧ ਗ਼ਜ਼ਲ ਗਾਇਕ ਸੁਨੀਲ ਡੋਗਰਾ ਨੇ ਵੀ ਕਵੀਆਂ ਦੇ ਕਲਾਮ ਪੇਸ਼ ਕੀਤੇ। ਉਨ੍ਹਾਂ ਨਾਲ ਕੀਬੋਰਡ ’ਤੇ ਨਾਨਾ ਜੀ, ਤਬਲੇ ’ਤੇ ਨੰਦਲਾਲ, ਢੋਲਕ ਤੇ ਸੰਜੂ, ਵਾਇਲਨ ’ਤੇ ਉਸਤਾਦ ਅਲੀਮ ਖ਼ਾਨ ਅਤੇ ਗਿਟਾਰ ’ਤੇ ਸਤੀਸ਼ ਯਾਸ਼ੀ ਅਤੇ ਢੋਲ ’ਤੇ ਨਿਖਿਲ ਸ਼ਾਮਲ ਸਨ। ਇਸ ਮੌਕੇ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਡਾਇਰੈਕਟਰ, ਜਨਾਬ ਐੱਮ ਫੁਰਕਾਨ ਖ਼ਾਨ ਨੇ ਕਲਾਕਾਰਾਂ ਦਾ ਸਨਮਾਨ ਕੀਤਾ।