ਨਗਰ ਨਿਗਮ ਦੇ ਆਮ ਇਜਲਾਸ ਵਿੱਚ ਹੰਗਾਮਾ
ਮੇਅਰ ਕੁੰਦਨ ਗੋਗੀਆ ਦੀ ਪ੍ਰਧਾਨਗੀ ਹੇਠ ਹੋਇਆ ਨਗਰ ਨਿਗਮ ਪਟਿਆਲਾ ਦਾ ਆਮ ਇਜਲਾਸ ਹੰਗਾਮਾ ਭਰਭੂਰ ਰਿਹਾ। ਇਸ ਦੌਰਾਨ ਜਿੱਥੇ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਵੱਖ-ਵੱਖ ਮੁੱਦਿਆਂ ’ਤੇ ਸਵਾਲ ਚੁੱਕੇ, ਉਥੇ ਹੀ ਸੱਤਾਧਾਰੀ ਧਿਰ ‘ਆਪ’ ਦੇ ਕੌਂਸਲਰ ਆਪਸ ’ਚ ਉਲਝਦੇ ਨਜ਼ਰ...
ਮੇਅਰ ਕੁੰਦਨ ਗੋਗੀਆ ਦੀ ਪ੍ਰਧਾਨਗੀ ਹੇਠ ਹੋਇਆ ਨਗਰ ਨਿਗਮ ਪਟਿਆਲਾ ਦਾ ਆਮ ਇਜਲਾਸ ਹੰਗਾਮਾ ਭਰਭੂਰ ਰਿਹਾ। ਇਸ ਦੌਰਾਨ ਜਿੱਥੇ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਵੱਖ-ਵੱਖ ਮੁੱਦਿਆਂ ’ਤੇ ਸਵਾਲ ਚੁੱਕੇ, ਉਥੇ ਹੀ ਸੱਤਾਧਾਰੀ ਧਿਰ ‘ਆਪ’ ਦੇ ਕੌਂਸਲਰ ਆਪਸ ’ਚ ਉਲਝਦੇ ਨਜ਼ਰ ਆਏ। ਕੁਝ ਮੱਦਾਂ ਨੂੰ ਲੈ ਕੇ ਵੀ ‘ਆਪ’ ਕੌਂਸਲਰਾਂ ਵਿਚਾਲੇ ਖਿੱਛੋਤਾਣ ਹੁੰਦੀ ਰਹੀ। ਇਸ ਦੌਰਾਨ ਮੇਅਰ ਕੁੰਦਨ ਗੋਗੀਆ ਨੂੰ ਦਖ਼ਲ ਦੇਣਾ ਪਿਆ ਅਤੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ। ਦੂਜੇ ਪਾਸੇ ਪਟਿਆਲਾ ਵਿੱਚ ਕੰਮ ਨਾ ਹੋਣ ’ਤੇ ਭਾਜਪਾ ਕੌਂਸਲਰਾਂ ਨੇ ਕਾਲੇ ਕੱਪੜੇ ਪਾ ਕੇ ਵਿਰੋਧ ਦਰਜ ਕਰਵਾਇਆ।
ਜਨਰਲ ਇਜਲਾਸ ਵਿੱਚ ਰੌਲੇ ਰੱਪੇ ਦੇ ਬਾਵਜੂਦ ਕਈ ਮਤੇ ਸਰਬਸੰਮਤੀ ਨਾਲ ਪਾਸ ਕਰ ਕੀਤੇ ਗਏ ਜਿਨ੍ਹਾਂ ਵਿੱਚ ਸ਼ਹਿਰ ’ਚ ਇਲੈਕਟ੍ਰਾਨਿਕ ਬੱਸਾਂ ਚਲਾਉਣਾ, ਇੰਪਰੂਵਮੈਂਟ ਟਰੱਸਟ ਦੀਆਂ ਚਾਰ ਕਲੋਨੀਆਂ ਨਗਰ ਨਿਗਮ ਅਧੀਨ ਲਿਆਉਣਾ, ਫੋਕਲ ਪੁਆਇੰਟ ਵਿੱਚ ਫਾਇਰ ਬ੍ਰਿਗੇਡ ਸਟੇਸ਼ਨ ਦੀ ਸਥਾਪਨਾ ਸਮੇਤ ਇੰਟਰਲਾਕਿੰਗ ਟਾਈਲਾਂ ਦੀਆਂ ਸੜਕਾਂ ਬਣਾਉਣਾ ਸ਼ਾਮਲ ਹੈ। ਮਕੈਨੀਕਲ ਢੰਗ ਨਾਲ ਸਫ਼ਾਈ ਕਰਨ ਦੇ ਮਤੇ ’ਤੇ ਵੀ ਮੋਹਰ ਲੱਗੀ। ਕੁਝ ‘ਆਪ’ ਕੌਂਸਲਰਾਂ ਦੇ ਕਾਟੋ ਕਲੇਸ਼ ਕਾਰਨ ਨਿਗਮ ਦੇ ਪਟਵਾਰੀ ਦੀ ਕਾਰਜਕਾਲ ਸਿਰਫ਼ ਤਿੰਨ ਮਹੀਨੇ ਹੀ ਵਧ ਸਕਿਆ ਪਰ ਟਰੇਡ ਲਾਈਸੈਂਸ ਦੀ ਫੀਸ ’ਚ ਵਾਧੇ ਸਬੰਧੀ ਮਤੇ ’ਤੇ ਅਜਿਹਾ ਪੇਚ ਫਸਿਆ ਕਿ ਇਹ ਮਤਾ ਪੈਂਡਿੰਗ ਰੱਖਣਾ ਪਿਆ। ਭਾਜਪਾ ਕੌਂਸਲਰ ਅਨੁਜ ਖੋਸਲਾ ਨੇ ਇਹ ਫੀਸ ਵਧਾਉਣ ਦੀ ਕਾਰਵਾਈ ਨੂੰ ਵਪਾਰੀਆਂ ਦੀ ਪਿੱਠ ਵਿੱਚ ਛੁਰਾ ਕਰਾਰ ਦਿੱਤਾ ਜਿਸ ਕਰਕੇ ਇਸ ਮਤੇ ਨੂੰ ਲੈ ਕੇ ਭਾਜਪਾ ਅਤੇ ‘ਆਪ’ ਕੌਸਲਰ ਇਸ ਕਦਰ ਉਲਝ ਗਏ ਕਿ ਗੱਲ ਨਾਅਰੇਬਾਜ਼ੀ ਤੱਕ ਪਹੁੰਚ ਗਈ। ਕੌਂਸਲਰਾਂ ਨਾਲ ਭਰੇ ਹਾਲ ਵਿੱਚ ਹਲਕਾ ਵਿਧਾਇਕ ਅਜੀਤਪਾਲ ਕੋਹਲੀ ਦੇ ਸਮਰਥਕ ਅਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਹੇ ਬਲਤੇਜ ਪੰਨੂ ਦੇ ਸਮਰਥਕ ਕੌਂਸਲਰ ਦਰਮਿਆਨ ਵੀ ਬਹਿਸ ਹੋਈ ਜਿਨ੍ਹਾਂ ਨੂੰ ਮੇਅਰ ਕੁੰਦਨ ਗੋਗੀਆ ਨੇ ਸ਼ਾਂਤ ਕਰਵਾਇਆ। ਦੂਜੇ ਪਾਸੇ ਵਿਰੋਧੀ ਧਿਰਾਂ ਦੇ ਕੌਂਸਲਰਾਂ ਨੇ ਕੁਝ ਮੱਦਾਂ ਦਾ ਵਿਰੋਧ ਕੀਤਾ ਪਰ ਸੱਤਾਧਾਰੀ ਧਿਰ ਦੇ ਕੌਂਸਲਰਾਂ ਨੇ ਉਨ੍ਹਾਂ ਦੀਆਂ ਦਲੀਲਾਂ ਨੂੰ ਬੇਬੁਨਿਆਦ ਆਖ ਦੇ ਰੱਦ ਕਰ ਦਿਤਾ। ਉਂਜ ਗਿਣਤੀ ਪੱਖੋਂ ਘੱਟ ਹੋਣ ਕਰਕੇ ਵੀ ਵਿਰੋਧੀ ਧਿਰ ਦੇ ਕੌਂਸਲਰ ਬੇਵੱਸ ਨਜ਼ਰ ਆਏ ਤੇ ਭਾਜਪਾ ਕੌਂਸਲਰਾਂ ਨੇ ਕਾਲੇ ਕੱਪੜੇ ਪਾ ਕੇ ਆਪਣਾ ਵਿਰੋਧ ਦਰਜ ਕਰਵਾਇਆ।