ਰਾਜਪੁਰਾ ਤਹਿਸੀਲ ਕੰਪਲੈਕਸ ਵਿੱਚ ਹੰਗਾਮਾ
ਵਿਰੋਧੀ ਧਿਰ ਨੇ ਸੱਤਾਧਾਰੀ ਪਾਰਟੀ ’ਤੇ ਧੱਕੇਸ਼ਾਹੀ ਦੇ ਦੋਸ਼ ਲਾਏ; ਰਿਟਰਨਿੰਗ ਅਫ਼ਸਰ ਨੇ ਰਿਪੋਰਟ ਮੰਗੀ
ਬਲਾਕ ਸਮਿਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਰਾਜਪੁਰਾ ਤਹਿਸੀਲ ਕੰਪਲੈਕਸ ਵਿੱਚ ਪੂਰਾ ਦਿਨ ਤਣਾਅ ਵਾਲਾ ਮਾਹੌਲ ਬਣਿਆ ਰਿਹਾ। ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ (ਬਾਦਲ), ਕਾਂਗਰਸ ਅਤੇ ਭਾਜਪਾ ਨੇ ਸੱਤਾਧਾਰੀ ਆਮ ਆਦਮੀ ਪਾਰਟੀ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਗੇਟ ਮੂਹਰੇ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਰਾਜਪੁਰਾ ਵਿਚ ਕੁੱਲ 15 ਬਲਾਕ ਸਮਿਤੀਆਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਹਨ।
ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਰਾਜਪੁਰਾ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜੀ, ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਭਾਜਪਾ ਆਗੂ ਜਗਦੀਸ਼ ਕੁਮਾਰ ਜੱਗਾ ਨੇ ਦਾਅਵਾ ਕੀਤਾ ਕਿ ਮੁੱਖ ਗੇਟ 11:35 ਵਜੇ ਖੋਲ੍ਹਿਆ ਗਿਆ, ਜਦਕਿ ਨਾਮਜ਼ਦਗੀ ਫਾਈਲਾਂ ਭਰਨ ਦਾ ਸਮਾਂ 11:00 ਵਜੇ ਤੱਕ ਸੀ। ਵਿਰੋਧੀ ਆਗੂਆਂ ਮੁਤਾਬਕ ਉਮੀਦਵਾਰਾਂ ਨੂੰ ਇਕੱਲਿਆਂ ਰਿਟਰਨਿੰਗ ਅਫ਼ਸਰ ਦੇ ਕਮਰੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਅਤੇ ਕਮਰੇ ਦੇ ਬਾਹਰ ਕਥਿਤ ਆਮ ਆਦਮੀ ਪਾਰਟੀ ਦੇ ਕਾਰਕੁਨ ਖੜੇ ਹਨ, ਜੋ ਕਿ ਦਸਤਾਵੇਜ਼ ਖੋਹ ਕੇ ਭੱਜ ਜਾਂਦੇ ਹਨ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਦੋਸ਼ ਲਗਾਇਆ ਕਿ ਕਾਂਗਰਸੀ ਉਮੀਦਵਾਰਾਂ ਦੇ ਘਰ ਪੁਲੀਸ ਭੇਜ ਕੇ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਿਰੋਧੀ ਉਮੀਦਵਾਰ ਕਾਗ਼ਜ਼ ਨਾ ਭਰ ਸਕਣ।
ਅਕਾਲੀ ਆਗੂ ਸੁਰਜੀਤ ਸਿੰਘ ਗੜੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਸਵੀਕਾਰ ਕਰ ਲਈ ਹੈ। ਵਿਰੋਧੀ ਧਿਰਾਂ ਨੇ ਐਲਾਨ ਕੀਤਾ ਹੈ ਕਿ ਉਹ ਇਸ ਘਟਨਾ ਦੀ ਸ਼ਿਕਾਇਤ ਸੂਬਾਈ ਚੋਣ ਕਮਿਸ਼ਨ ਨੂੰ ਕਰਨਗੇ ਅਤੇ ਲੋੜ ਪਈ ਤਾਂ ਪੰਜਾਬ-ਹਰਿਆਣਾ ਹਾਈ ਕੋਰਟ ਦਾ ਰੁਖ਼ ਵੀ ਕੀਤਾ ਜਾਵੇਗਾ।
ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਇੰਚਾਰਜ ਜਗਦੀਪ ਸਿੰਘ ਅਲੂਣਾ ਨੇ ਕਿਹਾ ਕਿ ਵਿਰੋਧੀ ਧਿਰਾਂ ਜਾਣ-ਬੁੱਝ ਕੇ ‘ਆਪ’ ’ਤੇ ਦੋਸ਼ ਲਗਾ ਰਹੀਆਂ ਹਨ, ਜਦੋਂ ਕਿ ਸਚਾਈ ਇਹ ਹੈ ਕਿ ਉਨ੍ਹਾਂ ਦੇ ਆਪਣੇ ਵਿਅਕਤੀ (ਵਿਰੋਧੀ ਧੜੇ ਦੇ) ਉਨ੍ਹਾਂ ਤੋਂ ਕਾਗ਼ਜ਼ ਖੋਹ ਕੇ ਭੱਜ ਰਹੇ ਹਨ ਤਾਂ ਜੋ ਬਾਅਦ ਵਿੱਚ ਰੌਲਾ ਪਾਇਆ ਜਾ ਸਕੇ ਕਿ ਉਨ੍ਹਾਂ ਨੂੰ ਚੋਣ ਹੀ ਲੜਨ ਨਹੀਂ ਦਿੱਤਾ।
ਰਿਟਰਨਿੰਗ ਅਫ਼ਸਰ ਨਮਨ ਮੜਕਨ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਫਾਈਲਾਂ ਖੋਹੇ ਜਾਣ ਦੀ ਇੱਕ ਲਿਖਤੀ ਅਤੇ ਇੱਕ ਮੌਖਿਕ ਸ਼ਿਕਾਇਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡੀ ਐੱਸ ਪੀ ਰਾਜਪੁਰਾ ਮਨਜੀਤ ਸਿੰਘ ਤੋਂ ਰਿਪੋਰਟ ਮੰਗੀ ਗਈ ਹੈ ਅਤੇ ਰਿਪੋਰਟ ਮਿਲਣ ਤੋਂ ਬਾਅਦ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

