ਦੋ ਲੁਟੇਰੇ ਗ੍ਰਿਫ਼ਤਾਰ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 21 ਜੂਨ
ਦੋ ਲੁਟੇਰਿਆਂ ਵੱਲੋਂ ਬੀਤੇ ਬੁੱਧਵਾਰ ਰਾਤ ਲਗਭਗ ਦੋ ਵਜੇ ਦਾਤਰ ਦਿਖਾ ਕੇ ਆਟੋ ਅਤੇ ਮੋਬਾਈਲ ਖੋਹ ਲਏ ਗਏ ਸਨ ਜਿਨ੍ਹਾਂ ਨੂੰ ਸਿਟੀ ਪੁਲੀਸ ਨੇ ਕਾਬੂ ਕਰ ਲਿਆ ਹੈ। ਥਾਣਾ ਸਿਟੀ ਰਾਜਪੁਰਾ ਵਿੱਚ ਐੱਸਐੱਚਓ ਕਿਰਪਾਲ ਸਿੰਘ ਮੋਹੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ 18 ਜੂਨ ਦੀ ਦਰਮਿਆਨੀ ਰਾਤ ਨੂੰ ਕਰੀਬ 2:00 ਵਜੇ ਰਾਜ ਕੁਮਾਰ ਆਪਣਾ ਆਟੋ ਲੈ ਕੇ ਰਾਜਪੁਰਾ ਟਾਊਨ ਤੋਂ ਪਟਿਆਲਾ ਜਾ ਰਿਹਾ ਸੀ ਕਿ ਦੋ ਵਿਅਕਤੀਆਂ ਨੇ ਉਸ ਨੂੰ ਰੋਕ ਕੇ ਖਿੱਚ ਧੂਹ ਕੀਤੀ ਅਤੇ ਦਾਤਰ ਦਿਖਾ ਕੇ ਉਸ ਦਾ ਆਟੋ ਅਤੇ ਮੋਬਾਈਲ ਖੋਹ ਕੇ ਲੈ ਗਏ। ਪੀੜਤ ਵਿਅਕਤੀ ਨੇ ਕੰਟਰੋਲ ਰੂਮ ’ਤੇ ਪੁਲੀਸ ਨੂੰ ਸੂਚਨਾ ਦਿੱਤੀ। ਐੱਸਐੱਚਓ ਨੇ ਦੱਸਿਆ ਕਿ ਉੱਚ ਅਫ਼ਸਰਾਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਦੋ ਟੀਮਾਂ ਬਣਾਈਆਂ ਗੀਆਂ। ਇਸ ਦੌਰਾਨ ਇੱਕ ਖ਼ਾਸ ਮੁਖ਼ਬਰ ਨੇ ਏਐੱਸਆਈ ਬਲਦੇਵ ਸਿੰਘ ਦੀ ਟੀਮ ਨੂੰ ਗੁਪਤ ਸੂਚਨਾ ਦਿੱਤੀ ਕਿ ਲੁੱਟਾਂ-ਖੋਹਾਂ ਕਰਨ ਵਾਲੇ ਦੋ ਵਿਅਕਤੀ ਹਰਵਿੰਦਰ ਸਿੰਘ ਅਤੇ ਕਮਲ ਸ਼ਰਮਾ ਉਰਫ਼ ਕਮਲੀ ਵਾਸੀਆਨ ਗੁਰੂ ਅਮਰਦਾਸ ਕਲੋਨੀ ਰਾਜਪੁਰਾ ਆਟੋ ’ਚ ਸਵਾਰ ਹੋ ਕੇ ਜੰਡੋਲੀ ਵਾਲੇ ਕੱਚੇ ਰਸਤੇ ਤੋਂ ਆ ਰਹੇ ਹਨ, ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਪੁਲੀਸ ਨੇ ਤੁਰੰਤ ਨਾਕਾਬੰਦੀ ਕਰਕੇ ਇਨ੍ਹਾਂ ਨੂੰ ਕਾਬੂ ਕੀਤਾ। ਪੁਲੀਸ ਨੂੰ ਇਨ੍ਹਾਂ ਪਾਸੋਂ ਇੱਕ ਆਟੋ, ਦੋ ਮੋਟਰਸਾਈਕਲ ਅਤੇ ਇੱਕ ਐਕਟਿਵਾ, ਇੱਕ ਕਿਰਚ ਟਾਈਪ ਹਥਿਆਰ ਅਤੇ ਇੱਕ ਦਾਤਰ ਜੋ ਇਨ੍ਹਾਂ ਨੇ ਵਾਰਦਾਤ ਕਰਨ ਸਮੇਂ ਵਰਤਿਆ ਸੀ, ਬਰਾਮਦ ਹੋਇਆ ਹੈ। ਸ੍ਰੀ ਮੋਹੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ।