ਸਮਾਣਾ-ਪਾਤੜਾਂ ਸੜਕ ’ਤੇ ਪਿੰਡ ਸ਼ਾਹਪੁਰ ਨੇੜੇ ਭੁੰਗ ਵਾਲੇ ਟਰੱਕ ਕਾਰਨ ਦੋ ਕਾਰਾਂ ਹਾਦਸਾਗ੍ਰਸਤ ਹੋ ਗਈਆਂ। ਹਾਦਸੇ ਦੌਰਾਨ ਇੱਕ ਕਾਰ ਚਾਲਕ ਦੀ ਮੌਤ ਹੋ ਗਈ, ਜਦਕਿ ਭੁੰਗ ਵਾਲਾ ਟਰੱਕ ਪਲਟਣ ਕਾਰਨ ਸੜਕ ’ਤੇ ਆ ਰਹੀ ਇੱਕ ਹੋਰ ਕਾਰ ਟਰੱਕ ਥੱਲੇ ਫਸ ਗਈ, ਜਿਸ ਨੂੰ ਲੋਕਾਂ ਨੇ ਕੱਢਿਆ।
ਜ਼ਖ਼ਮੀ ਹੋਏ ਕਾਰ ਸਵਾਰਾਂ ਨੂੰ ਇਲਾਜ ਲਈ ਖਨੌਰੀ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਹਾਦਸੇ ਮਗਰੋਂ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਮਾਮਲੇ ਦੇ ਜਾਂਚ ਅਧਿਕਾਰੀ ਮਵੀਕਲਾਂ ਪੁਲੀਸ ਇੰਚਾਰਜ ਹਰਦੀਪ ਸਿੰਘ ਵਿਰਕ ਨੇ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਨੂੰ ਭੁੰਗ ਨਾਲ ਲੱਦਿਆ ਇੱਕ ਟਰੱਕ ਪਾਤੜਾਂ ਵੱਲੋਂ ਆ ਰਿਹਾ ਸੀ ਕਿ ਪਿੰਡ ਸ਼ਾਹਪੁਰ ਨੇੜੇ ਸਮਾਣਾ ਤੋਂ ਪਾਤੜਾਂ ਜਾ ਰਹੀ ਕਾਰ ਨਾਲ ਉਸ ਦੀ ਟੱਕਰ ਹੋ ਗਈ। ਕਾਰ ਟਰੱਕ ਦੇ ਟਾਇਰਾਂ ਨਾਲ ਟਕਰਾ ਕੇ ਖਤਾਨਾਂ ਵਿੱਚ ਜਾ ਡਿੱਗੀ। ਹਾਦਸੇ ਵਿੱਚ ਕਾਰ ਚਾਲਕ ਨੰਬਰਦਾਰ ਸੁਖਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਦੁਗਾਲ ਕਲਾਂ ਗੰਭੀਰ ਜ਼ਖ਼ਮੀ ਹੋਹਿਆ, ਜਿਸ ਨੂੰ ਸਿਵਲ ਹਸਪਤਾਲ ਸਮਾਣਾ ਲਿਜਾਣ ’ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਇਸੇ ਦੌਰਾਨ ਪਟਿਆਲਾ ਤੋਂ ਲੜਕੀ ਦੇ ਵਿਆਹ ਦਾ ਸਾਮਾਨ ਖ਼ਰੀਦ ਕੇ ਆ ਰਹੇ ਸਵਾਰਾਂ ਦੀ ਕਾਰ ਵੀ ਟਰੱਕ ਥੱਲੇ ਧਸ ਗਈ, ਜਿਸ ਨੂੰ ਲੋਕਾਂ ਨੇ ਬਾਹਰ ਕੱਢਿਆ ਗਿਆ। ਹਾਦਸੇ ਵਿੱਚ ਕਾਰ ਚਾਲਕ ਅੰਮ੍ਰਿਤਪਾਲ ਸਿੰਘ ਅਤੇ ਵਿਆਹ ਵਾਲੀ ਲੜਕੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਖਨੌਰੀ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਪੁਲੀਸ ਅਧਿਕਾਰੀ ਮੁਤਾਬਕ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਅਣ-ਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਦਕਿ ਸੁਖਪ੍ਰੀਤ ਸਿੰਘ ਦੀ ਲਾਸ਼ ਪੋਸਟਮਾਰਟਮ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

