ਕਲਵਾਣੂ ’ਚ ਨੌਜਵਾਨ ਦਾ ਕਤਲ ਕਰਨ ਵਾਲੇ ਦੋ ਕਾਬੂ
ਪਿੰਡ ਕੁਲਵਾਣੂ ਦੇ ਨੌਜਵਾਨ ਦਾ ਮੰਗਲਵਾਰ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਖੇਤਾਂ ਵਿੱਚ ਸੁੱਟਣ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਜੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ। ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਦੀ ਅਗਵਾਈ ’ਚ ਥਾਣਾ ਘੱਗਾ ਦੇ ਮੁਖੀ ਪਵਿੱਤਰ ਸਿੰਘ ਨੇ ਮਾਮਲੇ ਨੂੰ ਸੁਲਝਾ ਲਿਆ ਹੈ। ਇੱਥੇ ਡੀਐੱਸਪੀ ਇੰਦਰਪਾਲ ਚੌਹਾਨ ਨੇ ਦੱਸਿਆ ਹੈ ਕਿ ਪਿੰਡ ਕੁਲਵਾਨੂੰ ਦੇ ਗੁਰਵਿੰਦਰ ਸਿੰਘ ਉਰਫ ਬਿੱਲਾ (32) ਦੀ ਲਾਸ਼ ਖੇਤਾਂ ਵਿੱਚੋਂ ਮਿਲੀ ਸੀ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਪਿੰਡ ਦੇ ਕੁੱਝ ਵਿਅਕਤੀਆਂ ਤੋਂ ਪੁੱਛ ਪੜਤਾਲ ਕੀਤੀ। ਮ੍ਰਿਤਕ ਗੁਰਵਿੰਦਰ ਸਿੰਘ ਤੇ ਗੁਰਜੀਤ ਸਿੰਘ ਦੀ ਦੋਸਤੀ ਦੇ ਚੱਲਦਿਆਂ ਗੁਰਵਿੰਦਰ ਸਿੰਘ ਨੇ ਦੋਸਤ ਦੀ ਪਤਨੀ ਨਾਲ ਸਬੰਧ ਬਣਾ ਲਏ ਸਨ। ਪਤਾ ਲੱਗ ਜਾਣ ’ਤੇ ਗੁਰਜੀਤ ਸਿੰਘ ਘਰ ਦੇ ਨੇੜੇ ਲੁਕ ਕੇ ਬਹਿ ਗਿਆ ਜਦੋਂ ਗੁਰਵਿੰਦਰ ਸਿੰਘ ਘਰ ਦੀ ਚਾਰਦੀਵਾਰੀ ਚੜ੍ਹਨ ਲੱਗਿਆ ਤਾਂ ਉਸ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਸ਼ਰਾਬੀ ਹਾਲਤ ਵਿੱਚ ਗੁਰਵਿੰਦਰ ਸਿੰਘ ਖੇਤਾਂ ’ਚ ਭੱਜਦਾ ਡਿੱਗ ਪਿਆ। ਗੁਰਜੀਤ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਗੁਰਵਿੰਦਰ ਸਿੰਘ ਦਾ ਕਤਲ ਕਰਕੇ ਆਪਣੇ ਦੋਸਤ ਜਸ਼ਪ੍ਰੀਤ ਨਾਲ ਮਿਲ ਕੇ ਲਾਸ਼ ਨੂੰ ਖੇਤਾਂ ਵਿੱਚ ਸੁੱਟ ਦਿੱਤਾ। ਘੱਗਾ ਪੁਲੀਸ ਨੇ ਗੁਰਜੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛ ਪੜਤਾਲ ਤੇ ਹਥਿਆਰ ਬਰਾਮਦ ਕਰਨ ਵਾਸਤੇ ਅਦਾਲਤ ਤੋਂ ਰਿਮਾਂਡ ਦੀ ਮੰਗ ਕੀਤੀ ਹੈ।