ਟਰੱਕ ਅਪਰੇਟਰ ਯੂਨੀਅਨ ਦੂਧਨਸਾਧਾਂ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕਰ ਲਈ ਗਈ ਹੈ। ਯੂਨੀਅਨ ਦੇ ਆਗੂਆ ਦੀ ਚੋਣ ਲੰਮੇ ਸਮੇਂ ਬਾਅਦ ਸਰਬਸੰਮਤੀ ਨਾਲ ਹੋਈ ਹੈ। ਦੂਧਨ ਸਾਧਾਂ ਟਰੱਕ ਯੂਨੀਅਨ ਅੰਦਰ ਵੱਖ-ਵੱਖ ਚਾਰ ਧੜੇ ਬਣੇ ਹੋਏ ਹਨ। ਪਹਿਲਾਂ ਸੱਤਾਧਾਰੀ ਪਾਰਟੀਆਂ ਦੇ ਨੁਮਾਇੰਦੇ ਆਪਣੇ ਪ੍ਰਭਾਵ ਨਾਲ ਯੂਨੀਅਨ ਪ੍ਰਧਾਨ ਚੁਣ ਲੈਂਦੇ ਸਨ ਪਰ ਹੁਣ ‘ਆਪ’ ਵੱਲੋਂ ਨਵ-ਨਿਯੁਕਤ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਅਪਰੇਟਰਾਂ ਨੂੰ ਸੰਮਤੀ ਨਾਲ ਚੋਣ ਕਰਨ ਲਈ ਪ੍ਰੇਰਿਆ, ਜਿਸ ਮਗਰੋਂ ਚਾਰ ਧੜਿਆਂ ਨੇ ਆਪਣਾ ਇੱਕ-ਇੱਕ ਮੈਂਬਰ ਚੁਣਿਆ। ਹਡਾਣਾ ਨੇ ਚਾਰੇ ਮੈਂਬਰਾਂ ਨੂੰ ਵੱਖ ਵੱਖ ਅਹੁਦਿਆਂ ’ਤੇ ਨਿਯੁਕਤ ਕਰ ਦਿੱਤਾ। ਯੂਨੀਅਨ ਦਾ ਪ੍ਰਧਾਨ ਧਿਆਨ ਸਿੰਘ ਹਾਜ਼ੀਪੁਰ, ਸਰਪ੍ਰਸਤ ਸੁਰਜੀਤ ਸਿੰਘ ਥਿੰਦ, ਉਪ ਪ੍ਰਧਾਨ ਨਵਦੀਪ ਸਿੰਘ ਨਿੱਪੀ ਤੇ ਕੁਲਦੀਪ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ। ਹਡਾਣਾ ਨੇ ਕਿਹਾ ਕਿ ਟਰੱਕ ਅਪਰੇਟਰ ਯੂਨੀਅਨ ਦੂਧਨਸਾਧਾਂ ਦੇ ਚੁਣੇ ਗਏ ਚਾਰੇ ਅਹੁਦੇਦਾਰ ਇਕੱਠੇ ਹੋ ਕੇ ਕੰਮ ਕਰਨਗੇ।
ਵਪਾਰੀਆਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ: ਹਡਾਣਾ
ਦੇਵੀਗੜ੍ਹ (ਪੱਤਰ ਪ੍ਰੇਰਕ): ਪੀਆਰਟੀਸੀ ਦੇ ਚੇਅਰਮੈਨ ਅਤੇ ਹਲਕਾ ਸਨੌਰ ਦੇ ਨਵ ਨਿਯੁਕਤ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਝੋਨੇ ਦੀ ਢੋਆ ਢੋਆਈ ’ਚ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਹਡਾਣਾ ਨੇ ਇਹ ਪ੍ਰਗਟਾਵਾ ਆੜ੍ਹਤੀ ਤੇ ਸ਼ੈਲਰ ਐਸੋਸੀਏਸ਼ਨ ਦੇਵੀਗੜ੍ਹ ਤੋਂ ਇਲਾਵਾ ਹਲਕੇ ਦੇ ਸਮੁੱਚੇ ਆੜ੍ਹਤੀਆਂ ਵੱਲੋਂ ਦੇਵੀਗੜ੍ਹ ਮੰਡੀ ਦੇ ਪ੍ਰਧਾਨ ਵੇਦ ਪ੍ਰਕਾਸ਼ ਗਰਗ, ਸ਼ੈਲਰ ਐਸੋਸੀਏਸ਼ਨ ਦੇਵੀਗੜ੍ਹ ਦੇ ਪ੍ਰਧਾਨ ਭੁਪਿੰਦਰ ਸਿੰਘ ਮੀਰਾਂਪੁਰ ਦੀ ਅਗਵਾਈ ’ਚ ਉਨ੍ਹਾਂ ਦੇ ਸਨਮਾਨ ਸਮਾਰੋਹ ਦੌਰਾਨ ਕੀਤਾ ਹੈ। ਹਡਾਣਾ ਨੇ ਕਿਹਾ ਕਿ ਝੋਨੇ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਜਿਣਸ ਨੂੰ ਸਾਂਭਣ ਲਈ ਸਰਕਾਰ ਨੇ ਸਾਰੇ ਢੁੱਕਵੇਂ ਪ੍ਰਬੰਧ ਕਰ ਲਏ ਹਨ।