ਟਰਾਲੀ ਚੋਰੀ: ਨਾਭਾ ਕਾਰਜਸਾਧਕ ਅਫ਼ਸਰ ਦੀ ਰਿਹਾਇਸ਼ ਵਿਖੇ ਹੋਰ ਸਾਮਾਨ ਦੱਬੇ ਹੋਣ ਦਾ ਸ਼ੱਕ !
ਕਿਸਾਨਾਂ ਨੇ ਕੋਠੀ ਦੇ ਬਾਹਰ ਜੜਿਆ ਪੱਕਾ ਧਰਨਾ
ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਨੇ ਨਾਭਾ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਪੱਕਾ ਧਰਨਾ ਲਗਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਮਿਲੀ ਪੱਕੀ ਸੂਹ ਮੁਤਾਬਕ ਈਓ ਦੀ ਕੋਠੀ ਵਿਖੇ ਸ਼ੰਭੂ ਮੋਰਚੇ ਤੋਂ ਚੋਰੀ ਹੋਈ ਸਾਡੀਆਂ ਟਰਾਲੀਆਂ ਦਾ ਸਾਮਾਨ ਇਸ ਕੋਠੀ ਅੰਦਰ ਹੈ ਅਤੇ ਕੁਝ ਸਾਮਾਨ ਜ਼ਮੀਨ ’ਚ ਵੀ ਦੱਬਿਆ ਹੋ ਸਕਦਾ ਹੈ।
ਆਗੂ ਗਮਦੂਰ ਸਿੰਘ ਦਾ ਕਹਿਣਾ ਹੈ ਕਿ ਸਾਡੇ ਕੇਸ ਦੀ ਪੜਤਾਲ ਸੀਆਈਏ ਪਟਿਆਲਾ ਕੋਲ ਚੱਲ ਰਹੀ ਹੈ ਪਰ ਸਾਨੂੰ ਆਪ ਹੀ ਤਫਤੀਸ਼ ਕਰਨੀ ਪੈ ਰਹੀ ਹੈ ਤੇ ਹੁਣ ਘੱਟੋ-ਘੱਟ ਪ੍ਰਸ਼ਾਸਨ ਸਾਡੀ ਹਾਜ਼ਰੀ ਵਿੱਚ ਕੋਠੀ ਅੰਦਰ ਖੋਜਬੀਨ ਤਾਂ ਕਰੇ।
ਪਟਿਆਲਾ ਤੋਂ ਆਏ ਸੀਆਈਏ ਸਟਾਫ਼ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਅਫ਼ਸਰ ਦੀ ਕੋਠੀ ਹੋਣ ਕਾਰਨ ਇਹ ਤਫਤੀਸ਼ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਹੀ ਹੋਵੇਗੀ।
ਫਿਲਹਾਲ ਕਿਸਾਨ ਕੋਠੀ ਦੇ ਬਾਹਰ ਧਰਨਾ ਲਾਕੇ ਅਧਿਕਾਰੀਆਂ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਸਾਮਾਨ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ।
ਕਾਰਜਸਾਧਕ ਅਫ਼ਸਰ ਗੁਰਚਰਨ ਸਿੰਘ ਨੇ ਕਿਹਾ ਕਿ ਉਹ ਇੱਥੇ ਰਹਿੰਦੇ ਨਹੀਂ ਸਨ ਕਿਉੰਕਿ ਉਨ੍ਹਾਂ ਦਾ ਪਿੰਡ ਨਾਭੇ ਦੇ ਨੇੜੇ ਹੀ ਹੈ। ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਕੌਂਸਲ ਦੀ ਮਸ਼ੀਨਰੀ ਇਥੇ ਖੜਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਤਸੱਲੀ ਕਰਵਾਏ ਜਾਣ ’ਚ ਉਹਨਾਂ ਨੂੰ ਕੋਈ ਇਤਰਾਜ਼ ਨਹੀਂ।

