ਟਰਾਲੀ ਚੋਰੀ ਮਾਮਲਾ: ਕੌਂਸਲ ਪ੍ਰਧਾਨ ਦੇ ਪਤੀ ਦੀ ਗ੍ਰਿਫ਼ਤਾਰੀ ਲਈ ਮੁਜ਼ਾਹਰਾ
ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀ ਟਰਾਲੀਆਂ ਚੋਰੀ ਕਰਨ ਦੇ ਦੋਸ਼ ਹੇਠ ਨਗਰ ਕੌਂਸਲ ਪ੍ਰਧਾਨ ਦੇ ਪਤੀ ਪੰਕਜ ਪੱਪੂ ਦੀ ਗ੍ਰਿਫ਼ਤਾਰੀ ਲਈ ਅੱਜ ਨਾਭਾ ਦੇ ਬੌੜਾਂ ਗੇਟ ਚੌਕ ਵਿੱਚ ਮੁਜ਼ਾਹਰਾ ਕੀਤਾ ਗਿਆ। ਕੌਂਸਲਰਾਂ ਵੱਲੋਂ ਐਲਾਨੇ ਇਸ ਧਰਨੇ ਦੀ ਅਗਵਾਈ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਹੁਣ ਵਾਰਡ 2 ਤੋਂ ਕੌਂਸਲਰ ਗੁਰਸੇਵਕ ਸਿੰਘ ਗੋਲੂ ਨੇ ਕੀਤੀ। ਦੋ ਘੰਟੇ ਦੇ ਚੱਕਾ ਜਾਮ ਤੋਂ ਭਾਵੇਂ ਕਾਂਗਰਸੀ ਕੌਂਸਲਰਾਂ ਨੇ ਦੂਰੀ ਬਣਾਕੇ ਰੱਖੀ ਪਰ ਇਲਾਕੇ ਦੇ ਹੋਰ ਕਾਂਗਰਸੀ ਆਗੂਆਂ ਨੇ ਸ਼ਮੂਲੀਅਤ ਕੀਤੀ। ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਕਾਂਗਰਸੀ ਆਗੂ ਜਤਿੰਦਰ ਸਿੰਘ ਜੱਤੀ ਅਤੇ ਭਾਦਸੋਂ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਕਾਂਗਰਸੀ ਆਗੂ ਪਰਮਜੀਤ ਸਿੰਘ ਕੱਲਰਮਾਜਰੀ ਇਸ ਧਰਨੇ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵੀ ਦੋ ਕੌਂਸਲਰ ਪਹੁੰਚੇ। ‘ਆਪ’ ਆਗੂ ਪੰਕਜ ਦੀ ਗਿਰਫਤਾਰੀ ਦੀ ਮੰਗ ਕਰਦੇ ਭਾਜਪਾ ਆਗੂ ਮੋਹਿਤ ਸੂਦ, ਵਪਾਰੀ ਆਗੂ ਨਰੇਸ਼ ਗਰਗ ਅਤੇ ਨਾਭਾ ਨਗਰ ਕੌਂਸਲ ਦੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੰਦੀਪ ਬਾਲੀ ਵੀ ਦੇਖੇ ਗਏ। ਗੁਰਸੇਵਕ ਸਿੰਘ ਗੋਲੂ ਨੇ ਕਿਹਾ ਕਿ ਸਰਕਾਰ ਖਿਲਾਫ ਬੋਲਣ ਵਾਲੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਉੱਪਰ ਤਾਂ ਸਰਕਾਰ ਨੇ ਅਗਲੇ ਦਿਨ ਹੀ ਧਾਵਾ ਬੋਲ ਦਿੱਤਾ ਪਰ ਇਥੇ ਨਗਰ ਕੌਂਸਲ ਦੀ ਮਸ਼ੀਨਰੀ ਦੀ ਦੁਰਵਰਤੋਂ ਕਰਦੇ ਹੋਏ ਟਰਾਲੀਆਂ ਚੋਰੀ ਦੇ ਦੋਸ਼ ਹੇਠ ਕੇਸ ਦਰਜ ਹੋਏ ਨੂੰ ਹਫਤਾ ਹੋ ਚੱਲਿਆ ਪਰ ਗ੍ਰਿਫ਼ਤਾਰੀ ਨਹੀਂ ਹੋ ਰਹੀ।
ਅਗਾਊਂ ਜ਼ਮਾਨਤ ਖਾਰਜ ਕਰਵਾ ਕੇ ਗ੍ਰਿਫ਼ਤਾਰ ਕਰਾਂਗੇ: ਐੱਸਐੱਚਓ
ਐੱਸਐੱਚਓ ਸਰਬਜੀਤ ਸਿੰਘ ਚੀਮਾ ਨੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਤੇ ਕਿਹਾ ਕਿ 4 ਸਤੰਬਰ ਨੂੰ ਪੰਕਜ ਪੱਪੂ ਦੀ ਅਗਾਊਂ ਜ਼ਮਾਨਤ ’ਤੇ ਅਦਾਲਤ ਵਿੱਚ ਸੁਣਵਾਈ ਹੋਣੀ ਹੈ। ਉਨ੍ਹਾਂ ਕਿਹਾ ਕਿ ਉਹ ਜ਼ਮਾਨਤ ਅਪੀਲ ਦਾ ਵਿਰੋਧ ਕਰਨਗੇ ਤੇ ਜ਼ਮਾਨਤ ਖਾਰਜ ਕਰਵਾਕੇ ਪੰਕਜ ਨੂੰ ਗ੍ਰਿਫ਼ਤਾਰ ਕੀਤਾ ਕਰ ਲਿਆ ਜਾਵੇਗਾ। ਹਾਲਾਂਕਿ ਪੁਲੀਸ ਦੇ ਇਸ ਬਿਆਨ ਦਾ ਵੀ ਵਿਰੋਧ ਹੋਇਆ ਜਿਸ ਮਗਰੋਂ ਉਨ੍ਹਾਂ ਨੇ ਕਿਹਾ ਕਿ ਪੰਕਜ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।