ਅੱਜ ਪਿੰਡ ਬਾਰਨ ਦੇ ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਖਲਕੱਟ ’ਚ ਪ੍ਰਸਿੱਧ ਚਿੱਤਰਕਾਰ ਗੋਬਿੰਦਰ ਸੋਹਲ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਰਹੂਮ ਚਿੱਤਰਕਾਰ ਗੋਬਿੰਦਰ ਸੋਹਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਪੀਕਰ ਸੰਧਵਾਂ ਨੇ ਮਰਹੂਮ ਚਿੱਤਰਕਾਰ ਦੀ ਪਤਨੀ ਸੀਮਾ ਸੋਹਲ, ਪੁੱਤਰ ਅੰਗਦ ਸੋਹਲ, ਧੀ ਸੀਰਤ ਸੋਹਲ ਅਤੇ ਹੋਰ ਰਿਸ਼ਤੇਦਾਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੇ ਇੱਕ ਸ਼ਾਨਦਾਰ ਕਲਾਤਮਕ ਪ੍ਰਤਿਭਾ ਗੁਆ ਦਿੱਤੀ ਹੈ, ਜਿਸਦਾ ਕਲਾ ਦੀ ਦੁਨੀਆ ਵਿੱਚ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਵਿਛੜੀ ਆਤਮਾ ਦੀ ਸਦੀਵੀ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ। ਇਸ ਮੌਕੇ ਸਾਬਕਾ ਡੀਪੀਆਰਓ ਉਜਾਗਰ ਸਿੰਘ ਸਣੇ ਪੀਏ ਮਨਿੰਦਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।
Advertisement
Advertisement
×

