ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਹਰਮੇਲ ਸਿੰਘ ਟੌਹੜਾ ਨਮਿੱਤ ਵਿਸ਼ਾਲ ਸ਼ਰਧਾਂਜਲੀ ਸਮਾਗਮ ਭਲਕੇ 28 ਸਤੰਬਰ ਨੂੰ ਅਨਾਜ ਮੰਡੀ ਟੌਹੜਾ ਵਿੱਚ ਕਰਵਾਇਆ ਜਾ ਰਿਹਾ ਹੈ। ਉਹ ‘ਪੰਥ ਰਤਨ’ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਸਨ ਜਿਸ ਕਾਰਨ ਸਮਾਗਮ ਵਿੱਚ ਨਾ ਸਿਰਫ਼ ਸੂਬਾਈ ਬਲਕਿ ਕੌਮਾਂਤਰੀ ਪੱਧਰ ਦੀਆਂ ਸ਼ਖ਼ਸੀਅਤਾਂ ਦੇ ਵੀ ਪੁੱਜਣ ਦੀ ਉਮੀਦ ਹੈ। ਉਨ੍ਹਾਂ ਦੇ ਪੁੱਤਰਾਂ ਹਰਿੰਦਰਪਾਲ ਸਿੰਘ ਟੌਹੜਾ ਅਤੇ ਕੰਵਰਵੀਰ ਸਿੰਘ ਟੌਹੜਾ ਦਾ ਕਹਿਣਾ ਹੈ ਕਿ ਅਨਾਜ ਮੰਡੀ ਟੌਹੜਾ ਵਿੱਚ ਲੋੜੀਂਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਇਸ ਕੜੀ ਵਜੋਂ ਸ੍ਰੀ ਟੌਹੜਾ ਦੀ ਪਤਨੀ ਕੁਲਦੀਪ ਕੌਰ ਟੌਹੜਾ ਵੱਲੋਂ ਵੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਦੂਜੇ ਪਾਸੇ, ਸੁਰੱਖਿਆ ਪ੍ਰਬੰਧਾਂ ਵਜੋਂ ਜ਼ਿਲ੍ਹਾ ਪੁਲੀਸ ਪਟਿਆਲਾ ਵਲੋਂ ਵੀ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਪਰਿਵਾਰ ਦੇ ਨਜ਼ਦੀਕੀ ਤੇ ਮਰਹੂਮ ਟੌਹੜਾ ਦੇ ਲੰਮਾ ਸਮਾਂ ਪੀ ਏ ਰਹੇ ਸੁਖਦੇਵ ਸਿੰਘ ਖੇੜੀ ਪੰਡਤਾਂ, ਪ੍ਰਿੰ. ਭਰਪੂਰ ਸਿੰਘ ਲੌਟ, ਜਵਾਈ ਮਨਵਿੰਦਰ ਸਿੰਘ ਗੋਲਡੀ ਅਤੇ ਬੀਬੀ ਲਖਵਿੰਦਰ ਕੌਰ ਲੌਟ ਸਮੇਤ ਹੋਰਨਾਂ ਵੱਲੋਂ ਵੀ ਅੱਜ ਦੇਰ ਰਾਤ ਅਨਾਜ ਮੰਡੀ ਅਤੇ ਉਨ੍ਹਾਂ ਦੇ ਗ੍ਰਹਿ ਸਥਾਨ ’ਚ ਲੋੜੀਂਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਰਿਹਾ ਸੀ।ਇਸੇ ਦੌਰਾਨ ਅੱਜ ਵੀ ਪੰਜਾਬ ਭਰ ਤੋਂ ਵੱਖ-ਵੱਖ ਸ਼ਖ਼ਸੀਅਤਾਂ ਅਤੇ ਹੋਰਾਂ ਵੱਲੋਂ ਟੌਹੜਾ ਪਰਿਵਾਰ ਨਾਲ ਮੁਲਾਕਾਤ ਕਰ ਕੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਅੱਜ ਪੁੱਜੀਆਂ ਸ਼ਖ਼ਸੀਅਤਾਂ ਵਿੱਚ ਮਨਪ੍ਰੀਤ ਬਾਦਲ, ਸੁਰਜੀਤ ਸਿੰਘ ਰੱਖੜਾ ਆਦਿ ਦੇ ਨਾਂ ਸ਼ਾਮਲ ਹਨ। ਅਕਾਲੀਆਂ ਦੇ ਦੂਜੇ ਧੜੇ ਦੇ ਮੁਖੀ ਗਿਆਨੀ ਹਰਪ੍ਰੀਤ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੇ ਵੀ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਹੈ। ਪਰਿਵਾਰ ਦੇ ਨਜ਼ਦੀਕੀ ਸਨੀ ਟੌਹੜਾ ਦਾ ਕਹਿਣਾ ਸੀ ਕਿ ਅੱਜ ਦੁੱਖ ਪ੍ਰਗਟ ਕਰਨ ਲਈ ਪੁੱਜੀਆਂ ਸ਼ਖ਼ਸੀਅਤਾਂ ’ਚ ਪਰਮਜੀਤ ਸਿੰਘ ਸਰਨਾ, ਜਗਜੀਤ ਸਿੰਘ ਦਰਦੀ, ਦੀਦਾਰ ਸਿੰਘ ਭੱਟੀ, ਰਣਧੀਰ ਸਿੰਘ ਸਮੂਰਾਂ, ਹਰਿੰਦਰਪਾਲ ਚੰਦੂਮਾਜਰਾ, ਹਰਵਿੰਦਰ ਸਿੰਘ ਹਰਪਾਲਪੁਰ, ਪ੍ਰੋ. ਮਹਿੰਦਰਪਾਲ ਸਿੰਘ, ਮੇਹਰਵਾਨ ਸਿੰਘ ਬਾਜਵਾ, ਗੁਰਵਿੰਦਰ ਮਿਹੌਣ, ਸਰਪੰਚ ਕੋਹਲੇਮਾਜਰਾ, ਸੁਰਿੰਦਰ ਘੁਮਾਣਾ, ਮਾਸਟਰ ਹਰਚਰਨ ਸਿੰਘ ਭੰਗੂ ਅਤੇ ਸ਼ਰਨਜੀਤ ਸਿੰਘ ਜੋਗੀਪੁਰ ਆਦਿ ਸ਼ਾਮਲ ਰਹੇ।ਜ਼ਿਕਰਯੋਗ ਹੈ ਕਿ ਸੰਨ 1997 ਵਿੱਚ ਡਕਾਲਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣ ਕੇ ਹਰਮੇਲ ਸਿੰਘ ਟੌਹੜਾ ਬਾਦਲ ਸਰਕਾਰ ਵਿੱਚ ਲੋਕ ਨਿਰਮਾਣ ਮੰਤਰੀ ਬਣੇ ਸਨ। ਉਨ੍ਹਾਂ ਭਾਵੇਂ ਦੋ ਵਾਰ ਵਿਧਾਨ ਸਭਾ ਦੀ ਚੋਣ ਲੜੀ ਪ੍ਰੰਤੂ ਆਪਣੇ ਨਿੱਡਰ, ਬੇਬਾਕ ਅਤੇ ਸਪੱਸ਼ਟਤਾ ਭਰਪੂਰ ਸੁਭਾਅ ਕਾਰਨ ਰਾਜਨੀਤੀ ਉਨ੍ਹਾਂ ਦੇ ਮੇਚ ਨਾ ਆਈ। ਉਨ੍ਹਾਂ ਵੱਲੋਂ ਚੋਣਾਂ ਤੋਂ ਜਵਾਬ ਦੇਣ ਤੋਂ ਬਾਅਦ ਅਕਾਲੀ ਦਲ ਨੇ ਉਨ੍ਹਾਂ ਦੀ ਪਤਨੀ ਬੀਬੀ ਕੁਲਦੀਪ ਕੌਰ ਟੌਹੜਾ ਨੂੰ ਵੀ ਟਿਕਟ ਦਿੱਤੀ। ਉਹ ਡੇਢ ਦਹਾਕੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਵੀ ਹਨ। ਉਨ੍ਹਾਂ ਦੇ ਵੱਡੇ ਫਰਜ਼ੰਦ ਹਰਿੰਦਰਪਾਲ ਟੌਹੜਾ ਮਾਰਕੀਟ ਕਮੇਟੀ ਦੇ ਚੇਅਰਮੈਨ ਰਹਿ ਚੁੱਕੇ ਹਨ ਜਦਕਿ ਛੋਟੇ ਫਰਜ਼ੰਦ ਕੰਵਰਵੀਰ ਟੌਹੜਾ ਭਾਜਪਾ ਦੀ ਟਿਕਟ ’ਤੇ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ।