ਟੁੱਟੀਆਂ ਸੜਕਾਂ ਨਾ ਬਣਾਉਣ ਕਾਰਨ ਆਵਾਜਾਈ ਰੋਕੀ
ਪਟਿਆਲਾ-ਪਿਹੋਵਾ ਸਡ਼ਕ ’ਤੇ ਚਾਰ ਘੰਟੇ ਟਰੈਫਿਕ ਜਾਮ; ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਹਲਕਾ ਸਨੌਰ ਦੀਆਂ ਟੁੱਟੀਆਂ ਸੜਕਾਂ ਨਾ ਬਣਾਉਣ ਦੇ ਰੋਸ ਵਜੋਂ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਭੁਨਰਹੇੜੀ ਨੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੀ ਅਗਵਾਈ ਹੇਠ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਭੁਨਰਹੇੜੀ ਵਿੱਚ ਪਟਿਆਲਾ-ਪਿਹੋਵਾ ਰਾਜ ਮਾਰਗ ’ਤੇ ਲਗਪਗ ਚਾਰ ਘੰਟੇ ਆਵਾਜਾਈ ਰੋਕ ਕੇ ‘ਆਪ’ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ। ਇਹ ਜਾਮ ਸਵੇਰੇ ਪੌਣੇ 11 ਵਜੇ ਲਾਇਆ ਜੋ ਬਾਅਦ ਦੁਪਹਿਰ 3 ਵਜੇ ਤੱਕ ਜਾਰੀ ਰਿਹਾ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਮਹਿਮੂਦਪੁਰ ਨੇ ਕਿਹਾ ਕਿ ਹਲਕਾ ਸਨੌਰ ਪਟਿਆਲਾ ਜ਼ਿਲ੍ਹੇ ਦਾ ਸਭ ਤੋਂ ਜ਼ਿਆਦਾ ਹੜ੍ਹਾਂ ਨਾਲ ਪ੍ਰਭਾਵਿਤ ਹਲਕਾ ਹੈ। 2023 ਵਿੱਚ ਆਏ ਹੜ੍ਹ ਕਾਰਨ ਇਥੋਂ ਦੀਆਂ ਬਹੁਤ ਸਾਰੀਆਂ ਵੱਡੀਆਂ ਅਤੇ ਛੋਟੀਆਂ ਸੜਕਾਂ ਜਿਨ੍ਹਾਂ ਵਿੱਚ ਪਟਿਆਲਾ-ਪਿਹੇਵਾ ਰਾਜ ਮਾਰਗ, ਭੁਨਰਹੇੜੀ ਤੋਂ ਘੜਾਮ ਵਾਇਆ ਸ਼ਾਦੀਪੁਰ, ਦੇਵੀਗੜ੍ਹ ਤੋਂ ਨਨਿਓਲਾ, ਦੇਵੀਗੜ੍ਹ ਤੋਂ ਬਿੰਜਲ, ਦੇਵੀਗੜ੍ਹ ਤੋਂ ਸਰੁਸਤੀਗੜ੍ਹ, ਰੋਹੜ ਜਗੀਰ ਤੋਂ ਘੜਾਮ ਆਦਿ ਵੀ ਸ਼ਾਮਲ ਹੈ, ਟੁੱਟ ਗਈਆਂ ਸਨ। ਲਾਲੀ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਇਨ੍ਹਾਂ ਟੁੱਟੀਆਂ ਸੜਕਾਂ ਦਾ ਮਸਲਾ ਲਿਆ ਚੁੱਕੀ ਹੈ ਪਰ ਅਜੇ ਤੱਕ ਪ੍ਰਸ਼ਾਸਨ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਟੁੱਟੀਆਂ ਸੜਕਾਂ ਕਾਰਨ ਹੀ ਪਿਛਲੇ ਦਿਨੀਂ ਇੱਕ ਸਕੂਲੀ ਵਿਦਿਆਰਥਣ ਦੀ ਖੱਡੇ ਵਿੱਚ ਡਿੱਗਣ ਕਾਰਨ ਬਾਂਹ ਟੁੱਟ ਗਈ ਸੀ ਅਤੇ ਇੱਕ ਕਿਸਾਨ ਜੀਤ ਸਿੰਘ ਦੀ ਵੀ ਬਾਂਹ ਟੁੱਟ ਗਈ ਸੀ, ਹੁਣ ਜਦੋਂ ਕਿ ਝੋਨੇ ਦਾ ਸੀਜ਼ਨ ਹੈ ਅਤੇ ਕਿਸਾਨਾਂ ਨੇ ਆਪਣੀਆਂ ਫਸਲਾਂ ਮੰਡੀ ਵਿੱਚ ਲਿਜਾਣੀਆਂ ਹੁੰਦੀਆਂ ਹਨ ਪਰ ਸੜਕਾਂ ਟੁੱਟੀਆਂ ਹੋਣ ਕਰਕੇ ਕਿਸਾਨਾਂ ਦੇ ਟਰੈਕਟਰ ਅਤੇ ਟਰਾਲੀਆਂ ਰਸਤਿਆਂ ਵਿੱਚ ਖਰਾਬ ਹੋ ਰਹੀਆਂ ਹਨ। ਉਨ੍ਹਾਂ ਹਲਕਾ ਸਨੌਰ ਦੇ ਨਵੇਂ ਬਣੇ ਇੰਚਾਰਜ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੂੰ ਵੀ ਅਪੀਲ ਕੀਤੀ ਹੈ ਕਿ ਹੁਣ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਸਭ ਤੋਂ ਪਹਿਲਾਂ ਹਲਕੇ ਦੀਆਂ ਟੁੱਟੀਆਂ ਸੜਕਾਂ ਨੂੰ ਬਣਾਉਣ ਨੂੰ ਪਹਿਲ ਦੇਣ।
ਇਸ ਮੌਕੇ ਪਰਮਜੀਤ ਸਿੰਘ ਮਹਿਮੂਦਪੁਰ, ਗੁਰਮੀਤ ਸਿੰਘ ਦਿੱਤੂਪੁਰ, ਸੁਖਵਿੰਦਰ ਸਿੰਘ ਤੁੱਲੇਵਾਰ, ਗੁਰਚਰਨਸਿੰਘ ਪਰੌੜ, ਗੁਰਦੀਪ ਸਿੰਘ ਮਰਦਾਂਹੇੜੀ, ਟੇਕ ਸਿੰਘ ਸਮਾਣਾ, ਹਰਜੀਤ ਸਿੰਘ ਨਾਭਾ, ਕੁਲਵੰਤ ਸਿੰਘ ਸਫੇੜਾ, ਪਰਮਿੰਦਰ ਪੁੰਨੀਆਂ, ਕਰਨੈਲ ਸਿੰਘ ਪੰਜੌਲਾ ਤੇ ਹਰਚੰਦ ਸਿੰਘ ਮਹਿਮੂਦਪੁਰ ਆਦਿ ਮੌਜੂਦ ਸਨ।
ਪਟਿਆਲਾ-ਘੜਾਮ ਸੜਕ ਦਾ ਕੰਮ ਵੀਹ ਦਿਨਾਂ ’ਚ ਸ਼ੁਰੂ ਕਰਾਂਗੇ: ਤਹਿਸੀਲਦਾਰ
ਤਹਿਸੀਲਦਾਰ ਅਰਮਾਨ ਸਿੰਘ ਨੇ ਕਿਸਾਨਾਂ ਨੂੰ ਲਿਖਤੀ ਭਰੋਸਾ ਦਿੱਤਾ ਕਿ ਸਭ ਤੋਂ ਪਹਿਲਾਂ ਪਟਿਆਲਾ ਤੋਂ ਘੜਾਮ ਵਾਇਆ ਸ਼ਾਦੀਪੁਰ ਸੜਕ ਬਣਾਉਣ ਦਾ 20 ਦਿਨਾਂ ਦੇ ਅੰਦਰ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਕੱਲ੍ਹ ਇੱਕ ਟਰੱਕ ਮਿੱਟੀ ਅਤੇ ਪੱਥਰ ਦਾ ਸੁੱਟ ਕੇ ਡੂੰਘੇ ਟੋਏ ਭਰੇ ਜਾਣਗੇ।