ਟੈਕਸੀ ਲੁੱਟਣ ਦੇ ਮਾਮਲੇ ’ਚ ਤਿੰਨ ਕਾਬੂ
ਟੈਕਸੀ ਚਾਲਕ ਨੂੰ ਅਗ਼ਵਾ ਕਰਕੇ ਨਕਦੀ, ਦਸਤਾਵੇਜ਼ ਖੋਹਣ ਅਤੇ ਕਾਰ ਖੋਹਣ ਦੇ ਮਾਮਲੇ ਵਿੱਚ ਸਿਟੀ ਪੁਲੀਸ ਨੇ ਦੋ ਨੌਜਵਾਨਾਂ ਅਤੇ ਉਨ੍ਹਾਂ ਤੋਂ ਕਾਰ ਖਰੀਦਣ ਵਾਲੇ ਵਿਅਕਤੀ ਨੂੰ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਏਐੱਸਆਈ ਜਜਪਾਲ ਸਿੰਘ ਨੇ ਦੱਸਿਆ ਕਿ 9 ਅਗਸਤ ਦੀ ਸਵੇਰ ਨੂੰ ਚਾਰ ਨੌਜਵਾਨਾਂ ਨੇ ਲੁਧਿਆਣਾ ਬੱਸ ਸਟੈਂਡ ਤੋਂ ਇੱਕ ਟੈਕਸੀ ਕਿਰਾਏ ’ਤੇ ਲਈ ਸੀ। ਸਿਟੀ ਪੁਲੀਸ ਨੇ ਇਸ ਮਾਮਲੇ ਵਿੱਚ ਚਾਰ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ, ਜਿੱਥੇ ਉਨ੍ਹਾਂ ਨੇ ਰਾਜਪੁਰਾ ਨੇੜੇ ਪਿੰਡ ਭੂੱਟਣ (ਲੁਧਿਆਣਾ) ਦੇ ਰਹਿਣ ਵਾਲੇ ਟੈਕਸੀ ਚਾਲਕ ਵਨਦੀਪ ਸਿੰਘ ਨੂੰ ਅਗਵਾ ਕਰਕੇ ਉਸ ਦਾ ਮੋਬਾਈਲ, ਨਕਦੀ, ਆਧਾਰ ਕਾਰਡ, ਏਟੀਐੱਮ ਕਾਰਡ ਅਤੇ ਹੋਰ ਦਸਤਾਵੇਜ਼ ਲੁੱਟ ਲਏ ਅਤੇ ਫਿਰ ਟੈਕਸੀ ਚਾਲਕ ਨੂੰ ਬੱਸ ਸਟੈਂਡ ਸਮਾਣਾ ’ਤੇ ਛੱਡ ਦਿੱਤਾ ਅਤੇ ਟੈਕਸੀ ਲੈ ਕੇ ਭੱਜ ਗਏ। ਅਧਿਕਾਰੀ ਦੇ ਅਨੁਸਾਰ ਉਸ ਦੇ ਸਾਥੀ ਹੈੱਡ ਕਾਂਸਟੇਬਲ ਹਰਬੰਸ ਸਿੰਘ ਅਤੇ ਹੈੱਡ ਕਾਂਸਟੇਬਲ ਦਰਵਾਰਾ ਸਿੰਘ ਨੇ ਤਕਨੀਕੀ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ। ਉਨ੍ਹਾਂ ਦੀ ਪੁਲੀਸ ਪਾਰਟੀ ਨੇ ਕਿਸੇ ਹੋਰ ਮਾਮਲੇ ਵਿੱਚ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਦੋ ਮੁਲਜ਼ਮਾਂ ਜਤਿਨ ਕੁਮਾਰ ਵਾਸੀ ਕੱਕੜਵਾਲ ਚੌਕ ਧੂਰੀ ਅਤੇ ਅਭੀ ਕੁਮਾਰ ਵਾਸੀ ਸੰਤ ਅਤਰ ਸਿੰਘ ਨਗਰ ਸੰਗਰੂਰ ਨੂੰ ਨਾਮਜ਼ਦ ਕੀਤਾ। ਪੁਲੀਸ ਰਿਮਾਂਡ ਵਿੱਚ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਹੋਰ ਦਸਤਾਵੇਜ਼ ਅਤੇ ਨਕਦੀ ਨਸ਼ਟ ਕਰ ਦਿੱਤੀ ਗਈ ਹੈ, ਜਦੋਂ ਕਿ ਦਿੱਲੀ ਵਿੱਚ ਵੇਚੀ ਗਈ ਕਾਰ ਬਾਰੇ ਜਾਣਕਾਰੀ ਦੇਣ ’ਤੇ ਕਾਰ ਖਰੀਦਦਾਰ ਹਰਜੀਤ ਸਿੰਘ ਵਾਸੀ ਤਿਲਕ ਨਗਰ ਦਿੱਲੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਕਾਰ ਬਰਾਮਦ ਕਰ ਲਈ ਗਈ। ਜਾਂਚ ਅਧਿਕਾਰੀ ਅਨੁਸਾਰ ਇਸੇ ਮਾਮਲੇ ਵਿੱਚ ਨਾਮਜ਼ਦ ਬਾਕੀ ਦੋ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।