ਸਮਾਣਾ ਵਿੱਚ ਚੋਰਾਂ ਨੇ ਚਾਰ ਦੁਕਾਨਾਂ ਦੇ ਸ਼ਟਰ ਤੋੜੇ
ਚੋਰਾਂ ਨੇ ਲੰਘੀ ਰਾਤ ਸ਼ਹਿਰ ਦੀ ਮੁੱਖ ਸੜਕ ਘੱਗਾ ਸਥਿਤ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਕਾਨਾਂ ਦੇ ਸ਼ਟਰ ਤੋੜ ਕੇ 8 ਲੱਖ ਰੁਪਏ ਦੇ ਟਾਇਰ ਅਤੇ ਬੈਟਰੀਆਂ ਚੋਰੀ ਕਰ ਲਈਆਂ। ਸੂਚਨਾ ਮਿਲਣ ’ਤੇ ਸਿਟੀ ਪੁਲੀਸ ਅਤੇ ਸੀਆਈਏ ਸਟਾਫ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਸਤੀ ਮੰਦਰ ਦੇ ਬਾਹਰ ਸਥਿਤ ਲੂੰਬਾ ਬੈਟਰੀ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰ 3.50 ਲੱਖ ਰੁਪਏ ਦੀਆਂ ਨਵੀਆਂ ਬੈਟਰੀਆਂ ਚੋਰੀ ਕਰਕੇ ਲੈ ਗਏ। ਦੁਕਾਨ ਮਾਲਕਾਂ ਅਨੁਸਾਰ ਅੱਧੀ ਰਾਤ ਤੋਂ ਬਾਅਦ ਮੂੰਹ ਢੱਕ ਕੇ ਆਏ ਚੋਰਾਂ ਨੇ ਦੁਕਾਨ ਦੇ ਬਾਹਰ ਲੱਗੇ ਕੈਮਰੇ ਨੂੰ ਤੋੜ ਦਿੱਤਾ ਅਤੇ ਲੋਹੇ ਦੇ ਸ਼ਟਰ ਨੂੰ ਉੱਪਰ ਚੁੱਕ ਕੇ ਦੁਕਾਨ ਦੇ ਅੰਦਰ ਲੱਗੇ ਟਫਨ ਗਲਾਸ ਨੂੰ ਤੋੜ ਦਿੱਤਾ। ਇਸ ਤੋਂ ਬਾਅਦ ਇੱਕ ਚੋਰ ਦੁਕਾਨ ਦੇ ਅੰਦਰ ਦਾਖਲ ਹੋਇਆ ਅਤੇ ਉਸ ਨੇ ਉੱਥੇ ਰੱਖੀਆਂ 15 ਵੱਡੀਆਂ ਬੈਟਰੀਆਂ ਟੁੱਟੇ ਸ਼ਟਰ ਦੇ ਹੇਠਾਂ ਤੋਂ ਖਿਸਕਾ ਕੇ ਬਾਹਰ ਖੜ੍ਹੇ ਆਪਣੇ ਸਾਥੀਆਂ ਨੂੰ ਫੜਾ ਦਿੱਤੀਆਂ।
ਚੋਰੀ ਦੀ ਇੱਕ ਹੋਰ ਘਟਨਾ ਵਿੱਚ ਚੋਰਾਂ ਨੇ ਟੀ-ਪੁਆਇੰਟ ਘੱਗਾ ਰੋਡ ’ਤੇ ਸਥਿਤ ਮਿੱਤਲ ਟਾਇਰ ਦੀ ਦੁਕਾਨ ਦਾ ਸ਼ਟਰ ਤੋੜ ਕੇ ਇੱਕ ਲੱਖ ਰੁਪਏ ਤੋਂ ਵੱਧ ਦੇ ਟਾਇਰ ਚੋਰੀ ਕਰ ਲਏ। ਦੁਕਾਨ ਮਾਲਕ ਸੁਰਿੰਦਰ ਮਿੱਤਲ ਨੇ ਦੱਸਿਆ ਕਿ ਵਾਰਦਾਤ ਦੀ ਸੂਚਨਾ ਉਨ੍ਹਾਂ ਦੇ ਗੁਆਂਢੀਆਂ ਨੇ ਸ਼ਟਰ ਟੁੱਟਿਆ ਦੇਖ ਕੇ ਉਨ੍ਹਾਂ ਨੂੰ ਦਿੱਤੀ। ਚੋਰ ਦੋਵੇਂ ਸ਼ਟਰ ਤੋੜ ਕੇ ਦੁਕਾਨ ਦੇ ਅੰਦਰ ਰੱਖੇ ਮੋਟਰਸਾਈਕਲਾਂ, ਕਾਰਾਂ ਅਤੇ ਪਿਕਅੱਪ ਗੱਡੀਆਂ ਦੇ ਟਾਇਰ ਚੋਰੀ ਕਰਕੇ ਲੈ ਗਏ। ਚੋਰੀ ਦੀ ਘਟਨਾ ਦੇ ਇੱਕ ਹੋਰ ਪੀੜਤ ਦੁਕਾਨਦਾਰ ਨਰਾਇਣ ਸਿੰਘ ਨੇ ਦੱਸਿਆ ਕਿ ਅੱਧੀ ਰਾਤ ਤੋਂ ਬਾਅਦ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਦੇ ਅੰਦਰ ਪਈਆਂ ਲਗਭਗ 1.25 ਲੱਖ ਰੁਪਏ ਦੀਆਂ ਟਰੈਕਟਰਾਂ ਦੀਆਂ ਬੈਟਰੀਆਂ ਚੋਰੀ ਕਰ ਲਈਆਂ। ਜਦੋਂ ਕਿ ਚੋਰੀ ਦੇ ਇੱਕ ਹੋਰ ਮਾਮਲੇ ਵਿੱਚ ਦੁਕਾਨਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਦੁਕਾਨ ਦਾ ਸ਼ਟਰ ਤੋੜ ਕੇ ਚੋਰ ਲਗਪਗ 50 ਹਜ਼ਾਰ ਰੁਪਏ ਦੀਆਂ ਬੈਟਰੀਆਂ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਦੁਕਾਨ ਦੇ ਬਾਹਰ ਲੱਗੇ ਕੈਮਰਿਆਂ ਨੂੰ ਵੀ ਤੋੜ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਪੁਲੀਸ ਮੁਖੀ ਇੰਸਪੈਕਟਰ ਵਿਨਰਪ੍ਰੀਤ ਸਿੰਘ, ਸੀਆਈਏ ਸਟਾਫ ਮੁਖੀ ਇੰਸਪੈਕਟਰ ਅੰਕੁਰਦੀਪ ਸਿੰਘ, ਸਬ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ।