ਪਿੰਡ ਭੰਬੂਆਂ ਨੇੜੇ ਘੱਗਰ ’ਚ ਪਾੜ ਪੈਣ ਦਾ ਖ਼ਤਰਾ
ਹਲਕਾ ਸਨੌਰ ਵਿੱਚ ਪਿੰਡ ਭੰਬੂਆਂ ਨੇੜੇ ਪਾੜ ਪੈਣ ਦਾ ਖ਼ਤਰਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਘੱਗਰ ਕਿਸੇ ਸਮੇਂ ਵੀ ਇੱਥੇ ਪਾੜ ਪਾ ਸਕਦਾ ਹੈ। ਪਿੰਡ ਭੰਬੂਆਂ ਦੇ ਕੌਂਸਲਰ ਗੁਰਮੀਤ ਸਿੰਘ ਨੇ ਕਿਹਾ ਕਿ ਘੱਗਰ ਦੇ ਕੰਢੇ ਪਹਿਲਾਂ ਇੱਥੇ ਬਹੁਤ ਵਧੀਆ ਢੰਗ ਨਾਲ ਪੱਥਰ ਲੱਗੇ ਹੋਏ ਸਨ ਜਦੋਂ ਇੱਥੇ ਸੀਵਰੇਜ ਟਰੀਟਮੈਂਟ ਪਲਾਂਟ ਲਈ ਪਾਈਪ ਪਾਈ ਜਾ ਰਹੀ ਸੀ ਤਾਂ ਪਿੱਛੋਂ ਰਜਬਾਹੇ ਵਿੱਚ ਪਾਣੀ ਆਉਣ ਕਰਕੇ ਠੇਕੇਦਾਰ ਵੱਲੋਂ ਸੂਏ ਨਾਲ ਲੱਗਦਾ ਬੰਨ੍ਹ ਤੋੜ ਕੇ ਪਾਣੀ ਘੱਗਰ ਵਿੱਚ ਸੁੱਟਿਆ ਗਿਆ ਸੀ, ਜਿਸ ਨਾਲ ਘੱਗਰ ਕਿਨਾਰੇ ਪਹਿਲਾਂ ਲੱਗੇ ਪੱਥਰ ਵੀ ਘੱਗਰ ਵਿੱਚ ਰੁੜ੍ਹ ਗਏ ਸਨ। ਠੇਕੇਦਾਰ ਵੱਲੋਂ ਇਸ ਟੁੱਟੇ ਬੰਨ੍ਹ ਪ੍ਰਤੀ ਕੋਈ ਗੌਰ ਨਹੀਂ ਕੀਤੀ ਗਈ ਅਤੇ ਕੰਮ ਵੀ ਅੱਧ ਵਿਚਾਲੇ ਛੱਡ ਕੇ ਚਲੇ ਗਏ। ਹੁਣ ਇਥੇ ਡਰੇਨ ਵਿਭਾਗ ਵੱਲੋਂ ਮਿੱਟੀ ਦੇ ਥੈਲੇ ਰੱਖਕੇ ਬੰਨ੍ਹ ਪੂਰਿਆ ਗਿਆ ਸੀ ਪਰ ਪੱਕਾ ਕੰਮ ਨਹੀਂ ਹੋਇਆ। ਉਨ੍ਹਾਂ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪਟਵਾਰੀ ਨੂੰ ਮੌਕੇ ਦਾ ਜਾਇਜ਼ਾ ਲੈਣ ਲਈ ਭੇਜਣ ਦਾ ਭਰੋਸਾ ਦਿੱਤਾ ਗਿਆ ਹੈ।
ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਿਵੇਂ ਪਹਿਲਾਂ ਇੱਥੇ ਪੱਥਰ ਲੱਗੇ ਹੋਏ ਸੀ ਪੱਥਰ ਲਾਏ ਜਾਣ ਤਾਂ ਕਿ ਪਾਣੀ ਪਿੰਡ ’ਚ ਨਾ ਵੜ ਸਕੇ।