ਮਸੀਂਗਣ ਤੋਂ ਈਸਰਹੇੜੀ ਤੱਕ ਬਣੀ ਨਵੀਂ ਸੜਕ ਟੁੱਟਣੀ ਸ਼ੁਰੂ
ਹਲਕਾ ਸਨੌਰ ਵਿੱਚ ਨਵੀਆਂ ਬਣੀਆਂ ਸੜਕਾਂ ਟੁੱਟਣ ਲੱਗੀਆਂ ਹਨ ਤੇ ਕਈ ਸੜਕਾਂ ਦੀ ਹਾਲਤ ਬਹੁਤ ਖ਼ਸਤਾ ਹੈ। ਦੇਵੀਗੜ੍ਹ ਤੋਂ ਵੱਖ-ਵੱਖ ਪਿੰਡਾਂ ਨੂੰ ਜਾਂਦੀਆਂ ਸੜਕਾਂ ਥਾਂ ਥਾਂ ਤੋਂ ਟੁੱਟੀਆਂ ਪਈਆਂ ਹਨ ਅਤੇ ਸੜਕਾਂ ’ਤੇ ਡੂੰਘੇ ਟੋਇਆਂ ਕਾਰਨ ਹਾਦਸੇ ਵਾਪਰ ਰਹੇ ਹਨ। ਇਸ ਦੇ ਨਾਲ ਜੋ ਸੜਕਾਂ ਨਵੀਆਂ ਬਣੀਆਂ ਹਨ ਉਹ ਟੁੱਟਣ ਲੱਗ ਪਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਸੀਂਗਣ ਤੋਂ ਪਿੰਡ ਈਸਰਹੇੜੀ ਤੱਕ ਸੜਕ ਅਜੇ ਪਿਛਲੇ ਸਾਲ ਹੀ ਨਵੀਂ ਬਣੀ ਸੀ ਜੋ ਥਾਂ-ਥਾਂ ਤੋਂ ਟੁੱਟ ਗਈ ਹੈ। ਇਸ ਸੜਕ ’ਤੇ ਪਈ ਬਜਰੀ ਵੀ ਉੱਖੜ ਗਈ ਹੈ। ਸੜਕ ਦਾ ਇਨਾ ਬੁਰਾ ਹਾਲ ਹੋ ਗਿਆ ਹੈ ਕਿ ਇਸ ਸੜਕ ਉਪਰ ਮੋਟਰਸਾਈਕਲ ਲੰਘਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਵੀਆਂ ਬਣੀਆਂ ਸੜਕਾਂ ਦਾ ਇਹ ਹਾਲ ਹੈ ਤਾਂ ਪੁਰਾਣੀਆਂ ਟੁੱਟੀਆਂ ਸੜਕਾਂ ਦਾ ਕੀ ਹਾਲ ਹੋਵੇਗਾ। ਇਸ ਤੋਂ ਇਲਾਵਾ ਪਿੰਡ ਈਸਰਹੇੜੀ ਤੋਂ ਪਿੰਡ ਮੁਖਮੈਲਪੁਰ ਤੱਕ ਵੀ ਸੜਕ ਨਵੀਂ ਬਣੀ ਸੀ ਪਰ ਉਹ ਵੀ ਕਈ ਥਾਵਾਂ ਤੋਂ ਟੁੱਟ ਗਈ ਹੈ। ਪਿੰਡ ਈਸਰਹੇੜੀ ਨੇੜੇ ਨਦੀ ’ਤੇ ਬਣੇ ਪੁਲ ਦੇ ਦੋਵੇਂ ਪਾਸੇ ਲਾਈਆਂ ਇੰਟਰਲਾਕ ਟਾਈਲਾਂ ਵੀ ਦੱਬ ਗਈਆਂ ਹਨ। ਇਹ ਸੜਕ ਵੀ ਵੱਡੇ ਬਜਟ ਨਾਲ ਬਣਾਈ ਗਈ ਸੀ ਪਰ ਇਸ ਵਿੱਚ ਵੱਡੇ ਵੱਡੇ ਟੋਏ ਪੈ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਬਣੀ ਨੂੰ ਅਜੇ ਸਾਲ ਕੁ ਮਸਾਂ ਹੋਇਆ ਹੈ ਪਰ ਨਵੀਂ ਸੜਕ ਟੁੱਟ ਵੀ ਗਈ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਸ ਸੜਕ ਉਪਰ ਮੈਟੀਰੀਅਲ ਘੱਟ ਪਿਆ ਹੋਵੇ, ਜਿਸ ਕਰਕੇ ਇਹ ਸੜਕ ਐਨੀ ਜਲਦੀ ਟੁੱਟ ਗਈ ਹੈ।
ਸੜਕ ਦੀ ਮੁਰੰਮਤ ਕਰਵਾ ਦੇਵਾਂਗੇ: ਐੱਸ ਡੀ ਓ
ਪੰਜਾਬ ਮੰਡੀ ਬੋਰਡ ਦੇ ਐੱਸ.ਡੀ.ਓ. ਜੈਤੀ ਸ਼ਰਮਾ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਇਸ ਵਾਰ ਜੋ ਬਰਸਾਤਾਂ ਪਈਆਂ ਅਤੇ ਹੜ੍ਹ ਆਏ ਸਨ ਉਸ ਕਰਕੇ ਬਜਰੀ ਉੱਖੜ ਗਈ ਹੋਵੇ। ਉਨ੍ਹਾਂ ਕਿਹਾ ਕਿ ਸੜਕ ਟੁੱਟਣ ਦੀ ਜਾਂਚ ਕਰਵਾਈ ਜਾਵੇਗੀ। ਜੇਕਰ ਇਹ ਸੜਕ ਟੁੱਟੀ ਹੋਈ ਤਾਂ ਉਸ ਨੂੰ ਠੀਕ ਕਰਵਾ ਦਿੱਤਾ ਜਾਵੇਗਾ।