ਹਲਕਾ ਸ਼ੁਤਰਾਣਾ ਵਿੱਚੋਂ ਲੰਘਦੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਘੱਗਰ ਦੇ ਖਨੌਰੀ ਹੈੱਡਵਰਕਸ ’ਤੇ ਬੁਰਜੀ ਨੰਬਰ ਆਰਡੀ 460 ’ਤੇ ਪਾਣੀ ਖ਼ਤਰੇ ਦੇ ਨਿਸ਼ਾਨ 748 ਨੂੰ ਪਾਰ ਕਰ ਕੇ 750.5 ’ਤੇ ਪਹੁੰਚ ਗਿਆ ਹੈ। ਘੱਗਰ ਵਿੱਚ ਪਾਣੀ ਵਧਣ ਕਾਰਨ ਦਰਿਆ ਦੇ ਕਿਨਾਰੇ ਵੱਸੇ ਪਿੰਡਾਂ ਦੇ ਕਿਸਾਨਾਂ ’ਚ ਸਹਿਮ ਹੈ ਅਤੇ ਇੱਥੇ ਬੰਨ੍ਹ ਟੁੱਟਣ ਦਾ ਖ਼ਤਰਾ ਹੈ। ਕਿਸਾਨ ਲਗਾਤਾਰ ਆਪਣੀਆਂ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਨੂੰ ਬਚਾਉਣ ਲਈ ਯਤਨ ਕਰ ਰਹੇ ਹਨ। ਦਰਜਨਾਂ ਪਿੰਡਾਂ ਦੇ ਲੋਕ ਆਪ ਮੁਹਾਰੇ ਘੱਗਰ ਦਰਿਆ ਦੇ ਕੰਢਿਆਂ ’ਤੇ ਪਹੁੰਚ ਕੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਘੱਗਰ ਦਰਿਆ ਦੇ ਸੱਜੇ ਪਾਸੇ ਪਿੰਡ ਨਾਈਵਾਲਾ ਦੇ ਨਜ਼ਦੀਕ ਦਰਿਆ ਵਿੱਚ ਹਲਕਾ ਪਾੜ ਪੈਣ ਦੀਆਂ ਸੰਭਾਵਨਾਵਾਂ ਸਨ ਪਰ ਮੌਕੇ ’ਤੇ ਹਾਜ਼ਰ ਲੋਕਾਂ ਨੇ ਕਰੜੀ ਮਿਹਨਤ ਕਰਕੇ ਬੰਨ੍ਹ ਮਜ਼ਬੂਤ ਕਰ ਦਿੱਤਾ। ਇਸੇ ਤਰ੍ਹਾਂ ਪਿੰਡ ਹਰਚੰਦਪੁਰਾ ਦੇ ਘੱਗਰ ਦਾ ਪਾਣੀ ਜਦੋਂ ਨਿਕਲਣਾ ਸ਼ੁਰੂ ਹੋਇਆ ਤਾਂ ਕਿਸਾਨਾਂ ਨੇ ਉਸ ਨੂੰ ਬੰਨ੍ਹਣ ਵਿੱਚ ਸਫਲਤਾ ਹਾਸਲ ਕੀਤੀ। ਜਾਣਕਾਰੀ ਅਨੁਸਾਰ ਖੇਤਰ ਵਿੱਚ ਦਿੱਲੀ-ਜੰਮੂ ਕੱਟੜਾ ਐਕਸਪ੍ਰੈੱਸ ਨਜ਼ਦੀਕ ਪਿੰਡਾਂ ਸ਼ੁਤਰਾਣਾ, ਰਸੌਲੀ, ਨਾਈਵਾਲਾ, ਜੋਗੇਵਾਲਾ, ਗੁਲਾਹੜ ਹੋਤੀਪੁਰ ਅਤੇ ਨਵਾਂਗਾਉਂ ਦੇ ਸੈਂਕੜੇ ਕਿਸਾਨ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਦੂਜੇ ਪਾਸੇ ਘੱਗਰ ਦੇ ਦੂਜੇ ਕਿਨਾਰੇ ’ਤੇ ਪਿੰਡ ਮਤੌਲੀ, ਤੇਈਪੁਰ, ਸਾਗਰਾ ਅਤੇ ਗੁਰੂ ਨਾਨਕਪੁਰਾ ਦੇ ਕਿਸਾਨਾਂ ਵੱਲੋਂ ਲਗਾਤਾਰ ਮਿਹਨਤ ਕਰਕੇ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਐੱਸਡੀਐੱਮ ਪਾਤੜਾਂ ਅਸ਼ੋਕ ਕੁਮਾਰ ਨੇ ਦੱਸਿਆ ਕਿ ਹਲਕਾ ਸ਼ੁਤਰਾਣਾ ਦੇ ਪਿੰਡਾਂ ਵਿੱਚ ਹਾਲੇ ਤੱਕ ਸਥਿਤੀ ਠੀਕ ਠਾਕ ਹੈ ਪਰ ਉਪਰਲੇ ਇਲਾਕਿਆਂ ਵਿੱਚ ਹੋ ਰਹੀ ਬਰਸਾਤ ਅਤੇ ਲਗਾਤਾਰ ਵਧੇ ਪਾਣੀ ਕਰਕੇ ਸਥਿਤੀ ਡਰ ਵਾਲੀ ਬਣੀ ਹੋਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਹਾਵਾਂ ’ਤੇ ਯਕੀਨ ਨਾ ਕਰਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਹੰਗਾਮੀ ਹਾਲਤ ਨਾਲ ਨਜਿਠਣ ਲਈ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਬ ਡਿਵੀਜ਼ਨ ਪਾਤੜਾਂ ਵਿੱਚ ਚਾਰ ਰਾਹਤ ਕੇਂਦਰ ਸਥਾਪਤ ਕੀਤੇ ਗਏ ਹਨ।
ਟਾਂਗਰੀ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਚਾਰ ਫੁੱਟ ਪਾਰ
ਦੇਵੀਗੜ੍ਹ (ਸੁਰਿੰਦਰ ਸਿੰਘ ਚੌਹਾਨ): ਟਾਂਗਰੀ ਨਦੀ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਚਾਰ ਫੁੱਟ ਉਪਰ ਚੱਲ ਰਿਹਾ ਹੈ ਜਿਸ ਕਾਰਨ ਪੰਜ ਦਿਨਾਂ ਤੋਂ ਫ਼ਸਲ ਡੁੱਬੀ ਹੋਈ ਹੈ। ਭਾਰੀ ਮੀਂਹ ਕਾਰਨ ਕਿਸਾਨਾਂ ਅੰਦਰ ਚਿੰਤਾ ਬਣੀ ਹੋਈ ਹੈ ਕਿਉਂਕਿ ਟਾਂਗਰੀ ਨਦੀ ਵਿਚ ਚੱਲ ਰਿਹਾ ਪਾਣੀ ਕਿਸਾਨਾਂ ਦੀ ਫਸਲਾਂ ਤੋਂ ਛੇ ਫੁੱਟ ਉਪਰ ਹੈ। ਕਿਸਾਨਾਂ ਨੇ ਆਪੋ ਆਪਣੇ ਪਿੰਡਾਂ ਦੇ ਬੰਨ੍ਹਾਂ ’ਤੇ ਪਹਿਰੇ ਲਗਾਏ ਹੋਏ ਹਨ। ਟਾਂਗਰੀ ਨਦੀ ਅੰਦਰ ਪਿਛਲੇ ਦਿਨ ਤੋਂ ਪਾਣੀ ਦਾ ਪੱਧਰ ਸਥਿਰ ਹੈ ਜਿਸ ਦਾ ਕਾਰਨ ਸਮਾਣਾ ਦੇ ਪਿੰਡ ਧਰਮੇੜੀ ਨੇੜੇ ਪਾਣੀ ਦੀ ਡਾਫ ਲੱਗਣਾ ਦੱਸਿਆ ਜਾ ਰਿਹਾ ਹੈ ਕਿਉਂਕਿ ਟਾਂਗਰੀ, ਘੱਗਰ ਤੇ ਮਾਰਕੰਡਾ ਇਸ ਜਗ੍ਹਾ ਉੱਤੇ ਇਕੱਠੇ ਹੁੰਦੇ ਹਨ। ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੁੰਦਾ ਜਾ ਰਿਹਾ ਹੈ ਜਿਸ ਨਾਲ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਘੱਗਰ ਟਾਂਗਰੀ ਮਾਰਕੰਡੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ।