ਹਲਕਾ ਸਨੌਰ ਤੋਂ ਸੀਨੀਅਰ ਕਾਂਗਰਸੀ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੇ ਅੱਜ ਪਿੰਡ ਸਿਰਕੱਪੜਾ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਵਾਲੇ ਸਹਿਮ ਦੇ ਮਾਹੌਲ ਵਿੱਚ ਹਨ। ਪਿੰਡ ਨੇੜੇ ਘੱਗਰ ਦਾ ਪੁਲ ਲਗਪਗ ਟੁੱਟਣ ਕੰਢੇ ਹੈ ਅਤੇ ਆਲੇ ਦੁਆਲੇ ਤੋਂ ਖੁਰ ਰਿਹਾ ਹੈ। ਪਿੰਡ ਦੇ ਲੋਕਾਂ ਵਲੋਂ ਮਿੱਟੀ ਦੇ ਥੈਲੇ ਭਰ ਕੇ ਇਸ ਪੁਲ ਦੇ ਪਾਸਿਆਂ ਨੂੰ ਖੁਰਨ ਤੋਂ ਬਚਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਪੁਲ ਇਸ ਪਿੰਡ ਦੇ ਉਸ ਸਮੇਂ ਦੇ ਸਰਪੰਚ ਭੋਲਾ ਸਿੰਘ ਅਤੇ ਸਰਕਾਰ ਦੇ ਸਾਂਝੇ ਉਪਰਾਲੇ ਨਾਲ ਬਣਵਾਇਆ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਸਨ ਇਸ ਪੁਲ ਦੀ ਸਾਂਭ-ਸੰਭਾਲ ਵੀ ਨਹੀਂ ਕਰ ਸਕਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਇਸ ਪੁਲ ਕੋਲ ਹੜ੍ਹਾਂ ਦੇ ਮਾਹੌਲ ਮੌਕੇ ਪੁਲੀਸ ਚੌਕੀ ਲੱਗਦੀ ਸੀ ਪਰ ਇਸ ਵਾਰ ਬੇਲਦਾਰ ਦੀ ਵੀ ਡਿਊਟੀ ਨਹੀਂ ਲਗਾਈ ਗਈ। ਸ਼ੈਰੀ ਰਿਆੜ ਨੇ ਕਿਹਾ ਕਿ ਇਸ ਪੁਲ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਜੇ ਵੀ ਸਮਾਂ ਹੈ, ਇਸ ਪੁਲ ਵੱਲ ਖਾਸ ਤੌਰ ’ਤੇ ਧਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸ ਮੌਕੇ ਹਰਮਨ ਸਿੰਘ, ਹੈਰੀ ਸਿਰਕੱਪੜਾ, ਬਹਾਦਰ ਸਿੰਘ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।