‘ਆਪ’ ਦੇ ਲੋਕ ਸਭਾ ਹਲਕੇ ਦੇ ਇੰਚਾਰਜ ਅਤੇ ਪਨਗਰੇਨ ਦੇ ਸੂਬਾਈ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਬਰਸਟ ਦੇ ਸਹਿਯੋਗ ਸਦਕਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਰਾਬਤਾ ਸਾਧ ਕੇ ਪਟਿਆਲਾ ਸ਼ਹਿਰ ’ਚ ਭਾਦਸੋਂ ਰੋਡ ਤੋਂ ਸਰਹਿੰਦ ਰੋਡ ਤੱਕ ਬਣਵਾਈ ਕਰੀਬ ਚਾਰ ਕਿਲੋਮੀਟਰ ਲੰਬੀ ਤੇ ਦਸ ਫੁੱਟ ਚੌੜੀ ਸੜਕ ਦਾ ਅੱਜ ਖੁਦ ਉਦਘਾਟਨ ਵੀ ਕੀਤਾ। ਇਹ ਸੜਕ ਛੋਟੇ ਬਾਈਪਾਸ ਦਾ ਹੀ ਕੰਮ ਦੇਵੇਗੀ।
ਇੱਕ ਹੋਰ ਅਹਿਮ ਪਹਿਲੂ ਇਹ ਵੀ ਹੈ ਕਿ ਇਸੇ ਸੜਕ ’ਤੇ ਸਿਓਣਾ ਚੌਕ ਕੋਲ ਭੀੜ-ਭੜੱਕਾ ਹੋਣ ਕਰਕੇ ਲੋਕਾਂ ਦੀ ਮੰਗ ’ਤੇ ਉਨ੍ਹਾਂ ਨੇ ਅੱਧਾ ਕਿਲੋਮੀਟਰ ਟੋਟਾ ਨਿੱਜੀ ਯਤਨਾਂ ਸਦਕਾ 10 ਫੁੱਟ ਦੀ ਬਜਾਏ 23 ਫੁੱਟ ਚੌੜਾ ਕਰਵਾ ਦਿੱਤਾ ਹੈ। ਮੰਡੀ ਬੋਰਡ ਤੋਂ ਇਹ ਸੜਕ 10 ਫੁੱਟ ਚੌੜੀ ਪ੍ਰਵਾਨ ਸੀ ਪਰ ਬਲਜਿੰਦਰ ਸਿੰਘ ਢਿੱਲੋਂ ਨੇ 23 ਫੁੱਟ ਚੌੜੀ ਕਰਵਾ ਦਿੱਤੀ। ਅੱਜ ਉਦਘਾਟਨ ਮੌਕੇ ਲੱਡੂ ਵੰਡੇ ਗਏ। ਲੋਕ ਜ਼ੈਲਦਾਰ ਗੁਰਜੀਤ ਸਿੰਘ ਦੀ ਪ੍ਰਸ਼ੰਸ਼ਾ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਸਨੌਰ ਤੋਂ ਵਿਧਾਨ ਸਭਾ ਅਤੇ ਪਟਿਆਲਾ ਤੋਂ ਲੋਕ ਸਭਾ ਦੀ ਟਿਕਟ ਦੇ ਦਾਅਵੇਦਾਰ ਬਲਜਿੰਦਰ ਢਿੱਲੌਂ ਟਿਕਟ ਤੋਂ ਵਾਂਝੇ ਰਹਿਣ ਦੇ ਬਾਵਜੂਦ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ, ਜਿਸ ਕਰਕੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਲੋਕ ਸਭਾ ਹਲਕੇ ਦਾ ਇੰਚਾਰਜ ਤੇ ਸੂਬਾਈ ਚੇਅਰਮੈਨ ਬਣਾਉਣ ਸਣੇ ਹੋਰ ਅਧਿਕਾਰ ਵੀ ਦਿੱਤੇ ਹਨ। ਇਸ ਮੌਕੇ ਲਖਵਿੰਦਰ ਢਿੱਲੋਂ, ਗੱਜਣ ਸਿੰਘ ਮੀਡੀਆ, ਸਰਪੰਚ ਸੰਤੋਖ ਸਿੰਘ, ਖੁਸ਼ਵੰਤ ਸ਼ਰਮਾ, ਜਤਿੰਦਰ ਕੁਮਾਰ, ਰਜਿੰਦਰ ਕੋਹਲੀ, ਦਰਬਾਰਾ ਸਿੰਘ ਫੌਜੀ, ਅਵਤਾਰ ਪੰਚ, ਵਿਕਾਸ ਕੁਮਾਰ, ਸ਼ਿਵ ਦੇਵ, ਹਰਜਿੰਦਰ ਪਾਲ, ਧੰਨਰਾਜ ਗੁਪਤਾ ਤੇ ਰਾਕੇਸ਼ ਬਾਂਸਲ ਹਾਜ਼ਰ ਸਨ।

