ਸਾਈਬਰ ਹਮਲਿਆਂ ਦੇ ਹੱਲ ਲਈ ਤਕਨੀਕ ਵਿਕਸਿਤ
ਕੰਪਿਊਟਰ ਸਾਇੰਸ ਤੇ ਇੰਜਨੀਅਰਿੰਗ ਵਿਭਾਗ ਦੀ ਡਾ. ਜਸਮੀਨ ਕੌਰ ਚਾਹਲ ਨੇ ਮਾਰਿਆ ਹੰਭਲਾ
ਪੰਜਾਬੀ ਯੂਨੀਵਰਸਿਟੀ ਦੇ ਇੱਕ ਤਾਜ਼ਾ ਖੋਜ ਅਧਿਐਨ ਰਾਹੀਂ ਡਿਜੀਟਲ ਯੁੱਗ ਦੀ ਸਭ ਤੋਂ ਵੱਡੀ ਚੁਣੌਤੀ, ਕਲਾਊਡ ਅਧਾਰਤ ਅਤੇ ਡਿਜੀਟਲ ਨੈੱਟਵਰਕਾਂ ’ਤੇ ਹੋਣ ਵਾਲੇ ਸਾਈਬਰ ਹਮਲਿਆਂ ਦਾ ਹੱਲ ਲੱਭਣ ਹਿੱਤ ਤਕਨੀਕ ਵਿਕਸਿਤ ਕੀਤੀ ਗਈ ਹੈ। ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਵਿਭਾਗ ਵਿੱਚ ਇਹ ਖੋਜ ਡਾ. ਜਸਮੀਨ ਕੌਰ ਚਾਹਲ ਵੱਲੋਂ ਨਿਗਰਾਨ ਡਾ. ਅਭਿਨਵ ਭੰਡਾਰੀ ਅਤੇ ਸਹਿ-ਨਿਗਰਾਨ ਡਾ. ਸੰਨੀ ਬਹਿਲ (ਐਸੋਸੀਏਟ ਪ੍ਰੋਫੈਸਰ) ਦੀ ਨਿਗਰਾਨੀ ਹੇਠ ਕੀਤੀ ਗਈ ਹੈ।
ਇਸ ਮੌਕੇ ਨਿਗਰਾਨ ਡਾ. ਭੰਡਾਰੀ ਨੇ ਦੱਸਿਆ ਕਿ ਇਹ ਨਵੀਨਤਮ ਖੋਜ ਕਾਰਜ ਡਿਸਟ੍ਰੀਬਿਊਟਿਡ ਡਿਨਾਈਲ ਆਫ਼ ਸਰਵਿਸ ਅਤੇ ਅਜਿਹੇ ਹੋਰ ਸਾਈਬਰ ਖਤਰਿਆਂ ਵਿਰੁੱਧ ਬਚਾਅ ਮਜ਼ਬੂਤ ਕਰਨ ਉੱਤੇ ਕੇਂਦਰਿਤ ਹੈ ਜੋ ਸਰਕਾਰਾਂ, ਉਦਯੋਗਾਂ ਅਤੇ ਵਿਅਕਤੀਆਂ ਲਈ ਖਤਰਾ ਸਾਬਤ ਹੋ ਸਕਦੇ ਹਨ। ਖੋਜਾਰਥੀ ਡਾ. ਜਸਮੀਨ ਕੌਰ ਚਾਹਲ ਨੇ ਦੱਸਿਆ ਕਿ ਇਸ ਖੋਜ ਜਿੱਥੇ ਉਦਯੋਗਾਂ ਲਈ ਡਿਜੀਟਲ ਪਲੇਟਫਾਰਮਾਂ ਅਤੇ ਸੇਵਾਵਾਂ ਦੀ ਸੁਰੱਖਿਆ, ਵਿੱਤੀ ਮਾਮਲਿਆਂ ਵਿੱਚ ਹੁੰਦੇ ਨੁਕਸਾਨ ਨੂੰ ਰੋਕਣ ਵਿੱਚ ਸਹਾਈ ਹੈ, ਉੱਥੇ ਹੀ ਸਰਕਾਰਾਂ ਲਈ ਇਹ ਰਾਸ਼ਟਰੀ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ। ਸਹਿ-ਨਿਗਰਾਨ ਡਾ. ਸੰਨੀ ਬਹਿਲ ਨੇ ਕਿਹਾ ਕਿ ਅਕਾਦਮਿਕ ਖੋਜ ਖੇਤਰ ਅਤੇ ਅਸਲ ਸੰਸਾਰ ਦੀ ਸਾਈਬਰ ਸਕਿਉਰਿਟੀ ਸਬੰਧੀ ਹੱਲਾਂ ਵਿਚਕਾਰ ਦਰਾਰ ਨੂੰ ਮੇਟਣ ਹਿੱਤ ਇਹ ਅਧਿਐਨ ਇੱਕ ਪੁਲ ਵਜੋਂ ਕਾਰਜ ਕਰਦਾ ਹੈ। ਇਸ ਵਿਕਸਿਤ ਤਕਨੀਕ ਵਿੱਚ ਵਿਸ਼ਵ ਪੱਧਰ ’ਤੇ ਡਿਜੀਟਲ ਸੁਰੱਖਿਆ ਵਿੱਚ ਯੋਗਦਾਨ ਪਾਉਣ ਦੀ ਬਹੁਤ ਵੱਡੀ ਸੰਭਾਵਨਾ ਹੈ।
ਇਸ ਮੌਕੇ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਅਜਿਹੀਆਂ ਖੋਜਾਂ ਯੂਨੀਵਰਸਿਟੀ ਦੀ ਸਮਕਾਲੀ ਸਮਾਜਿਕ ਚੁਣੌਤੀਆਂ ਨੂੰ ਹੱਲ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਅਜਿਹੇ ਕਦਮ ਅਤਿ-ਆਧੁਨਿਕ ਸਾਈਬਰ ਸੁਰੱਖਿਆ ਖੋਜ ਵਿੱਚ ਭਾਰਤ ਦੀ ਵਧਦੀ ਭੂਮਿਕਾ ਨੂੰ ਵੀ ਉਜਾਗਰ ਕਰਦੇ ਹਨ।

