ਟੈਕਸੀ ਚਾਲਕ ਤੋਂ ਕਾਰ ਤੇ ਨਕਦੀ ਲੁੱਟੀ
ਇੱਥੇ ਹਥਿਆਰਬੰਦ ਲੁਟੇਰਿਆਂ ਵੱਲੋਂ ਟੈਕਸੀ ਲੁੱਟਣ ਦੇ ਮਾਮਲੇ ਵਿੱਚ ਥਾਣਾ ਸਦਰ ਦੀ ਪੁਲੀਸ ਨੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਗਾਜੇਵਾਸ ਪੁਲੀਸ ਇੰਚਾਰਜ ਬਲਦੇਵ ਸਿੰਘ ਤੇ ਏਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਟੈਕਸੀ ਚਾਲਕ ਰਾਕੇਸ਼ ਯਾਦਵ ਵਾਸੀ ਉੱਤਰ ਪ੍ਰਦੇਸ਼ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ 15 ਅਗਸਤ ਦੀ ਦੁਪਹਿਰ ਬੱਸ ਸਟੈਂਡ ਅੰਬਾਲਾ ਦੇ ਬਾਹਰ ਸਵਾਰੀ ਦੀ ਉਡੀਕ ਕਰਦੇ ਹੋਏ ਚਾਰ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਟੈਕਸੀ ਕਿਰਾਏ ’ਤੇ ਕੀਤੀ ਅਤੇ ਬਨੂੜ ਸ਼ਹਿਰ ਤੱਕ ਛੱਡਣ ਲਈ ਕਿਹਾ। ਸ਼ੰਭੂ ਬੈਰੀਅਰ ਨੇੜੇ ਪਹੁੰਚਣ ’ਤੇ ਮੁਲਜ਼ਮਾਂ ਨੇ ਗੱਡੀ ਰੁਕਵਾਈ ਅਤੇ ਉਨ੍ਹਾਂ ’ਚੋਂ ਇੱਕ ਵਿਅਕਤੀ ਨੇ ਗੋਲੀ ਮਾਰਨ ਦੀ ਧਮਕੀ ਦੇ ਕੇ ਉਸ ਨੂੰ ਪਿਛਲੀ ਸੀਟ ’ਤੇ ਬਿਠਾ ਲਿਆ ਅਤੇ ਦੂਜੇ ਦੋ ਵਿਅਕਤੀ ਤੇਜ਼ਧਾਰ ਹਥਿਆਰਾਂ ਨਾਲ ਧਮਕਾ ਕੇ ਉਸ ਨੂੰ ਗੱਡੀ ਸਮੇਤ ਸਮਾਣਾ ਲੈ ਆਏ ਅਤੇ ਉਸ ਕੋਲੋਂ ਪੰਜ ਲੱਖ ਰੁਪਏ ਦੀ ਮੰਗ ਕੀਤੀ। ਉਸ ਨੇ ਆਪਣੇ ਭਰਾ, ਰਿਸ਼ਤੇਦਾਰ ਅਤੇ ਦੋਸਤਾਂ ਤੋਂ ਕੁੱਲ 60 ਹਜ਼ਾਰ ਰੁਪਏ ਆਨਲਾਈਨ ਮੰਗਵਾਏ ਜਿਸ ਨੂੰ ਲੁਟੇਰਿਆਂ ਨੇ ਸਮਾਣਾ ਦੇ ਏਟੀਐੱਮ ’ਤੇ ਪੈਟਰੋਲ ਪੰਪ ਸਕੈਨਰ ਤੋਂ ਕਢਵਾ ਲਏ ਅਤੇ ਕਾਰ ਦੇ ਡੈਸ਼ਬੋਰਡ ਵਿੱਚ ਰੱਖੇ 19,400 ਰੁਪਏ ਸਮੇਤ ਕੁੱਲ 79400 ਰੁਪਏ ਲੁੱਟਣ ਮਗਰੋਂ ਉਸ ਦਾ ਮੋਬਾਈਲ, ਪਰਸ ਵੀ ਖੋਹ ਲਿਆ। ਭਵਾਨੀਗੜ੍ਹ ਰੋਡ ’ਤੇ ਪਿੰਡ ਬਮਨਾ ਨੇੜੇ ਉਸ ਨੂੰ ਰਾਹ ਵਿੱਚ ਸੁੱਟ ਕੇ ਕਾਰ ਸਮੇਤ ਫਰਾਰ ਹੋ ਗਏ। ਜਾਂਚ ਅਧਿਕਾਰੀ ਅਨੁਸਾਰ ਪੁਲੀਸ ਰਸਤਿਆਂ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਕੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।