ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ ਅੱਜ ਤੋਂ
ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ‘11ਵਾਂ ਸਾਲਾਨਾ ਦੋ ਰੋਜ਼ਾ ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ’ 14 ਅਕਤੂਬਰ ਤੋਂ ਆਰੰਭ ਹੋ ਰਿਹਾ ਹੈ। ਸੰਮੇਲਨ ਦੇ ਕੋਆਰਡੀਨੇਟਰ ਪ੍ਰੋ. ਨਿਵੇਦਿਤਾ ਸਿੰਘ ਨੇ ਦੱਸਿਆ ਕਿ ਪ੍ਰੋ. ਤਾਰਾ ਸਿੰਘ ਉੱਘੇ ਸੰਗੀਤ...
ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ‘11ਵਾਂ ਸਾਲਾਨਾ ਦੋ ਰੋਜ਼ਾ ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ’ 14 ਅਕਤੂਬਰ ਤੋਂ ਆਰੰਭ ਹੋ ਰਿਹਾ ਹੈ। ਸੰਮੇਲਨ ਦੇ ਕੋਆਰਡੀਨੇਟਰ ਪ੍ਰੋ. ਨਿਵੇਦਿਤਾ ਸਿੰਘ ਨੇ ਦੱਸਿਆ ਕਿ ਪ੍ਰੋ. ਤਾਰਾ ਸਿੰਘ ਉੱਘੇ ਸੰਗੀਤ ਸ਼ਾਸਤਰੀ, ਖੋਜੀ, ਲੇਖਕ, ਸੁਰ ਰਚਨਾਕਾਰ, ਅਧਿਆਪਕ ਅਤੇ ਗੁਰੂ ਸਨ, ਜਿਨ੍ਹਾਂ ਨੇ ਆਪਣੇ ਸੰਗੀਤ ਚਿੰਤਨ ਅਤੇ ਰਚਨਾਵਾਂ ਰਾਹੀਂ ਪੰਜਾਬ ਦੀ ਸੰਗੀਤ ਪਰੰਪਰਾ ਵਿਚ ਨਿੱਗਰ ਯੋਗਦਾਨ ਦਿੱਤਾ। ਇਹ ਸੰਮੇਲਨ ਉਨ੍ਹਾਂ ਦੇ ਪਰਿਵਾਰ ਵੱਲੋਂ ਯੂਨੀਵਰਸਿਟੀ ਨੂੰ ਪ੍ਰਦਾਨ ਕੀਤੇ ਗਏ ਦਸ ਲੱਖ ਰੁਪਏ ਦੇ ਐਂਡੋਮੈਂਟ ਫੰਡ ਦੀ ਵਿਆਜ ਰਾਸ਼ੀ ਨਾਲ ਕਰਵਾਇਆ ਜਾਂਦਾ ਹੈ। ਇਸ ਵਿੱਚ ਵਿਸ਼ਵ ਪ੍ਰਸਿੱਧ ਕਲਾਕਾਰ ਪੰਡਤ ਰਾਜਨ ਸਾਜਨ ਮਿਸਰ, ਪੰਡਤ ਵਿਸ਼ਵ ਮੋਹਨ ਭੱਟ, ਐੱਲ ਕੇ ਪੰਡਿਤ ਜਿਹੇ ਕਲਾਕਾਰਾਂ ਤੋਂ ਇਲਾਵਾ ਰਾਸ਼ਟਰੀ ਪੱਧਰ ਦੇ ਅਨੇਕ ਕਲਾਕਾਰ ਆਪਣੀ ਪੇਸ਼ਕਾਰੀ ਦੇ ਚੁੱਕੇ ਹਨ। ਹਰ ਸੰਮੇਲਨ ਵਿਚ ਪੰਜਾਬ ਦੇ ਇੱਕ ਕਲਾਕਾਰ ਦੀ ਪ੍ਰਤਿਨਿਧਤਾ ਜ਼ਰੂਰੀ ਹੁੰਦੀ ਹੈ ਅਤੇ ਨਾਲ ਹੀ ਪਟਿਆਲਾ ਘਰਾਣਾ ਦੇ ਕਲਾਕਾਰਾਂ ਨੂੰ ਸੱਦਾ ਦੇਣ ਦਾ ਜਤਨ ਵੀ ਕੀਤਾ ਜਾਂਦਾ ਹੈ। ਇਸ ਵਾਰ ਦੇ ਸੰਮੇਲਨ ਵਿਚ ਵਿਸ਼ਵ ਭਾਰਤੀ ਸ਼ਾਂਤੀ ਨਿਕਤੇਨ ਤੋਂ ਪ੍ਰੋ. ਸਬਿਯਾਸਾਚੀ ਸਰਖੇਲ ਸਿਤਾਰ ਵਾਦਨ ਪ੍ਰਸਤੁਤ ਕਰਨਗੇ ਅਤੇ ਦਿੱਲੀ ਤੋਂ ਪੰਡਿਤ ਦੁਰਜੈ ਭੌਮਿਕ ਏਕਲ ਤਬਲਾ ਵਾਦਨ ਦੀ ਪੇਸ਼ਕਾਰੀ ਲਈ ਤਸ਼ਰੀਫ ਲਿਆ ਰਹੇ ਹਨ। ਪੁਣੇ ਤੋਂ ਡਾ. ਸਮੀਰ ਦੁਬਲੇ ਅਤੇ ਪੁਰੂਲਿਆ, ਪੱਛਮੀ ਬੰਗਾਲ ਤੋਂ ਡਾ. ਅੰਮ੍ਰਿਤਾ ਸਰਖੇਲ ਗਾਇਨ ਪੇਸ਼ਕਾਰੀ ਲਈ ਆ ਰਹੇ ਹਨ।