ਪੰਜਾਬੀ ’ਵਰਸਿਟੀ ਵਿੱਚ ਤਾਰਾ ਸਿੰਘ ਪਟਿਆਲਾ ਸੰਗੀਤ ਸਮਾਰੋਹ
ਪੰਜਾਬੀ ਯੂਨੀਵਰਸਿਟੀ ਵਿੱਚ ਗੁਰਮਤਿ ਸੰਗੀਤ ਚੇਅਰ ਵੱਲੋਂ ਕਰਵਾਇਆ ਗਿਆ ‘ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸਮਾਰੋਹ’ ਸਫਲਤਾਪੂਰਵਕ ਸਮਾਪਤ ਹੋ ਗਿਆ। ਇਸ ਵਾਰ ਇਹ ਸਮਾਰੋਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ। ਉਪ ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਇਸ ਸੰਮੇਲਨ ਦੀ ਪ੍ਰਧਾਨਗੀ ਕਰਦਿਆਂ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਇਸ ਗੱਲ ’ਤੇ ਮਾਣ ਹੈ ਕਿ ਇਸ ਨੇ ਪ੍ਰੋ. ਤਾਰਾ ਸਿੰਘ ਵਰਗੀਆਂ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ। ਸਮਾਗਮ ਦਾ ਆਰੰਭ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਰਾਜਦੀਪ ਕਲੇਟ ਦੀ ਨਿਗਰਾਨੀ ਵਿੱਚ ਪ੍ਰੋ. ਤਾਰਾ ਸਿੰਘ ਵੱਲੋਂ ਸੁਰਲਿਪੀਬੱਧ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਬਦ ਕੀਰਤਨ ਨਾਲ਼ ਹੋਇਆ। ਚੇਅਰ ਇੰਚਾਰਜ ਪ੍ਰੋ. ਅਲੰਕਾਰ ਸਿੰਘ ਨੇ ਦੱਸਿਆ ਕਿ ਪ੍ਰੋ. ਤਾਰਾ ਸਿੰਘ ਦੇ ਪਰਿਵਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਇੰਡੋਮੈਂਟ ਫੰਡ ਵਜੋਂ ਦਸ ਲੱਖ ਰੁਪਏ ਦੀ ਮਦਦ ਦਿੱਤੀ ਹੋਈ ਹੈ ਜਿਸ ਦੇ ਵਿਆਜ ਨਾਲ਼ ਹਰ ਸਾਲ ਇਹ ਸੰਗੀਤ ਸਮਾਰੋਹ ਕਰਵਾਇਆ ਜਾਂਦਾ ਹੈ। ਸੰਗੀਤ ਵਿਭਾਗ ਦੇ ਪ੍ਰੋਫ਼ੈਸਰ ਡਾ. ਨਿਵੇਦਿਤਾ ਸਿੰਘ ਨੇ ‘ਗੁਰਮਤਿ ਸੰਗੀਤਾਚਾਰੀਆ ਪ੍ਰੋ. ਤਾਰਾ ਸਿੰਘ ਦੁਆਰਾ ਸੁਰਬੱਧ ਗੁਰੂ ਤੇਗ਼ ਬਹਾਦਰ ਬਾਣੀ’ ਵਿਸ਼ੇ ’ਤੇ ਆਪਣਾ ਵਿਦਵਤਾ ਭਰਪੂਰ ਸਿਮ੍ਰਤੀ ਵਿਖਿਆਨ ਦਿੰਦਿਆਂ ਪਾਤਸ਼ਾਹੀ ਨੌਵੀਂ ਦੀ ਬਾਣੀ ਦਾ ਵੱਖ-ਵੱਖ ਨਿਰਧਾਰਿਤ ਰਾਗਾਂ ਅਧੀਨ ਗਾਇਨ ਕੀਤਾ। ਇਸ ਮੌਕੇ ਸੰਗੀਤ ਅਧਿਆਪਕ ਜਸਪਾਲ ਸਿੰਘ ਦੀ ਪੁਸਤਕ ‘ਗੁਰੂ ਨਾਨਕ ਦੇਵ ਜੀ ਦੀ ਸੰਪੂਰਨ ਬਾਣੀ ਸ਼ਬਦ ਸੁਰ ਰਚਨਾਵਲੀ’ (ਭਾਗ-ਪਹਿਲਾ ਅਤੇ ਦੂਜਾ) ਦਾ ਲੋਕ ਅਰਪਣ ਕੀਤਾ ਗਿਆ।