ਖ਼ੁਦਕੁਸ਼ੀ ਮਾਮਲਾ: ਪੀੜਤ ਪਰਿਵਾਰਾਂ ਨੇ ਲਾਸ਼ਾਂ ਸੜਕ ’ਤੇ ਰੱਖ ਕੇ ਇਨਸਾਫ਼ ਮੰਗਿਆ
ਪਿੰਡ ਨਿਆਲ ਦੇ ਦੋ ਦੋਸਤਾਂ ਵੱਲੋਂ ਟਰੱਕ ਮਾਲਕ ਦੁਆਰਾ ਕੀਤੀ ਗਈ ਕੁੱਟਮਾਰ ਮਗਰੋਂ ਖੁਦਕੁਸ਼ੀ ਦੇ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਤੇ ਜਨਤਕ ਜਥੇਬੰਦੀਆਂ ਨੇ ਇਨਸਾਫ਼ ਲਈ ਦੋਵਾਂ ਦੀਆਂ ਲਾਸ਼ਾਂ ਪਾਤੜਾਂ-ਪਟਿਆਲਾ ਮੁੱਖ ਸੜਕ ’ਤੇ ਰੱਖ ਕੇ ਧਰਨਾ ਦਿੱਤਾ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪਰਿਵਾਰਕ ਮੈਂਬਰਾਂ ਤੇ ਜਥੇਬੰਦੀਆਂ ਦੇ ਕਾਰਕੁਨਾਂ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ। ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਜਦੋਂ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਮ੍ਰਿਤਕਾਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਮ੍ਰਿਤਕਾਂ ਦੇ ਘਰ ਪਹੁੰਚ ਕੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਇਨਸਾਫ਼ ਦਾ ਭਰੋਸਾ ਦਿੱਤਾ। ਜਾਣਕਾਰੀ ਅਨੁਸਾਰ ਪੀੜਤ ਪਰਿਵਾਰਾਂ ਦੇ ਹੱਕ ਵਿੱਚ ਆਈਆਂ ਜਨਤਕ ਜਥੇਬੰਦੀਆਂ ਦੀ ਮੀਟਿੰਗ ਨਿਆਲ ਦੇ ਗੁਰਦੁਆਰਾ ਸਾਹਿਬ ’ਚ ਹੋਈ। ਇਸ ਮਗਰੋਂ ਲੋਕਾਂ ਨੇ ਵਰਦੇ ਮੀਂਹ ’ਚ ਪਾਤੜਾਂ-ਪਟਿਆਲਾ ਮੁੱਖ ਸੜਕ ਪੂਰੀ ਤਰ੍ਹਾਂ ਬੰਦ ਕਰ ਕੇ ਪੁਲੀਸ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਾਮਰੇਡ ਕੁਲਵੰਤ ਸਿੰਘ ਮੌਲਵੀਵਾਲਾ, ਹਰਭਜਨ ਸਿੰਘ ਬੁੱਟਰ, ਅਮਰੀਕ ਸਿੰਘ ਘੱਗਾ, ਮਨਜੀਤ ਸਿੰਘ ਨਿਆਲ, ਸਰਪੰਚ ਪ੍ਰਹਲਾਦ ਸਿੰਘ ਨਿਆਲ, ਗੁਰਵਿੰਦਰ ਸਿੰਘ ਦੇਧਨਾ, ਹਰੀ ਸਿੰਘ ਦੌਣ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਤੇ ਹਲਕਾ ਸ਼ੁਤਰਾਣਾ ਦੇ ਲੋਕ ਆਗੂ ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ 36 ਘੰਟੇ ਬੀਤਣ ’ਤੇ ਪੁਲੀਸ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੋਮਵਾਰ ਨੂੰ ਸਵੇਰੇ 11 ਵਜੇ ਤੱਕ ਮੁਲਜ਼ਮ ਗ੍ਰਿਫਤਾਰ ਨਾ ਕੀਤੇ ਤਾਂ ਮ੍ਰਿਤਕਾਂ ਦੀਆਂ ਲਾਸ਼ਾਂ ਡੀਐੱਸਪੀ ਦਫਤਰ ਸਾਹਮਣੇ ਰੱਖ ਕੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕੀਤਾ ਜਾਵੇਗਾ।
ਪੀੜਤ ਪਰਿਵਾਰਾਂ ਦੇ ਹੱਕ ਵਿੱਚ ਆਏ ਟਰੱਕ ਅਪਰੇਟਰ
ਟਰੱਕ ਅਪਰੇਟਰਾਂ ਤੇ ਸਥਾਨਕ ਲੋਕਾਂ ਨੇ ਸ਼ਾਮ 6 ਵਜੇ ਦੇ ਕਰੀਬ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ’ਤੇ ਟਰੱਕ ਯੂਨੀਅਨ ਦੇ ਸਾਹਮਣੇ ਆਵਾਜਾਈ ਰੋਕ ਦਿੱਤੀ। ਟਰੱਕ ਅਪਰੇਟਰ ਮ੍ਰਿਤਕ ਟਰੱਕ ਡਰਾਈਵਰ ਅਤੇ ਕੰਡਕਟਰ ਦੇ ਹੱਕ ਵਿੱਚ ਆ ਗਏ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕ ਦਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਇਮਾਨਦਾਰੀ ਨਾਲ ਪਿਛਲੇ ਕਈ ਸਾਲਾਂ ਤੋਂ ਟਰੱਕ ਯੂਨੀਆਨ ਵਿੱਚ ਗੱਡੀਆਂ ਚਲਾਉਂਦੇ ਸਨ। ਪਹਿਲਾਂ ਉਨ੍ਹਾਂ ’ਤੇ ਕਦੇ ਵੀ ਅਜਿਹਾ ਦੋਸ਼ ਨਹੀਂ ਲੱਗਾ।
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ ਪੁਲੀਸ: ਡੀਐੱਸਪੀ
ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਕਿਹਾ ਕਿ ਪੁਲੀਸ ਮੁਲਜ਼ਮਾਂ ਨੂੰ ਫੜਨ ਲਈ ਛਾਪੇ ਮਾਰ ਰਹੀ ਹੈ। ਤਿੰਨ ਟੀਮਾਂ ਦਾ ਬਣਾ ਕੇ ਡੂਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਮੁਲਜ਼ਮ ਘਰਾਂ ਤੋਂ ਫਰਾਰ ਹਨ ਅਤੇ ਲਖਵਿੰਦਰ ਸਿੰਘ ਜੋ ਕਮਾਂਡੋ ਪੁਲੀਸ ਵਿੱਚ ਹੈ ਉਹ ਡਿਊਟੀ ਤੋਂ ਗੈਰ-ਹਾਜ਼ਰ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਛੇਤੀ ਜ਼ਿੰਮੇਵਾਰ ਵਿਅਕਤੀਆਂ ਨੂੰ ਫੜ ਲਿਆ ਜਾਵੇਗਾ।