ਖ਼ੁਦਕੁਸ਼ੀ ਮਾਮਲਾ: ਕਾਰਵਾਈ ਨਾ ਹੋਣ ’ਤੇ ਦਿੱਤਾ ਧਰਨਾ; ਪਤੀ ਗ੍ਰਿਫ਼ਤਾਰ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 9 ਮਈ
ਪਿੰਡ ਸ਼ੁਤਰਾਣਾ ਦੇ ਸੁਭਾਸ਼ ਨਗਰ ਵਿੱਚ ਕੁਝ ਦਿਨ ਪਹਿਲਾਂ ਸਹੁਰੇ ਪਰਿਵਾਰ ਦੇ ਜ਼ੁਲਮਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਗਈ ਆਰਤੀ ਦੀ ਮੌਤ ਦਾ ਮਾਮਲਾ ਭਖ਼ ਗਿਆ ਹੈ। ਪੇਕਾ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਆਰਤੀ ਦੇ ਪਤੀ ਸਮੇਤ ਚਾਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਕੀਤੀ ਜਾ ਰਹੀ ਦੇਰੀ ਵਿਰੁੱਧ ਆਰਤੀ ਦੇ ਪੇਕਾ ਪਰਿਵਾਰ ਨੇ ਦਿੱਲੀ-ਸੰਗਰੂਰ ਨੈਸ਼ਨਲ ਹਾਈਵੇਅ ’ਤੇ ਸ਼ੁਤਰਾਣਾ ਅੱਡਾ ਉਤੇ ਧਰਨਾ ਦਿੱਤਾ। ਆਰਤੀ ਦੀ ਮਾਂ ਪ੍ਰਕਾਸ਼ੀ ਵਾਸੀ ਰਾਮਪੁਰਾ ਦੱਸਿਆ ਕਿ ਆਰਤੀ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਗਗਨਦੀਪ ਪੁੱਤਰ ਗੁਰਮੁਖ ਵਾਸੀ ਸੁਭਾਸ਼ ਨਗਰ ਸ਼ੁਤਰਾਣਾ ਨਾਲ ਹੋਇਆ ਸੀ। ਉਸ ਸਮੇਂ ਤੋਂ ਹੀ ਗਗਨਦੀਪ ਦੇ ਨਾਜਾਇਜ਼ ਸਬੰਧਾਂ ਕਾਰਨ ਦੋਵਾਂ ਵਿੱਚ ਅਣਬਣ ਰਹੀ। ਪਿਛਲੇ ਮਹੀਨੇ ਆਰਤੀ ਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਉਸ ਦੀ ਕੁੱਟਮਾਰ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਉਸਦੇ ਪਤੀ ਸਮੇਤ ਤਿੰਨ ਹੋਰਾਂ ਖਿਲਾਫ਼ ਕੇਸ ਦਰਜ ਕੀਤਾ ਸੀ ਪਰ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਬਾਜ਼ੀਗਰ (ਵਣਜਾਰਾ) ਸਮਾਜ ਸੰਘਰਸ਼ ਕਮੇਟੀ ਦੇ ਪ੍ਰਧਾਨ ਡਾ. ਬਲਵਿੰਦਰ ਸਿੰਘ, ਚਰਨਾ ਰਾਮ ਲਾਲਕਾ, ਭਰਭੂਰ ਸਿੰਘ ਰੇਤਗੜ੍ਹ ਅੱਜ ਧਰਨਾ ਦੇਣ ਲਈ ਸ਼ੁਤਰਾਣਾ ਪੁੱਜੇ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਆਰਤੀ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਡੀਐੱਸਪੀ ਵੱਲੋਂ ਕਾਰਵਾਈ ਦਾ ਭਰੋਸਾ
ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਆਰਤੀ ਦੇ ਪਤੀ ਨੂੰ ਗਗਨਦੀਪ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਪੁਲੀਸ ਅਧਿਕਾਰੀਆਂ ਵੱਲੋਂ ਸਿੱਟ ਦਾ ਗਠਨ ਕੀਤਾ ਗਿਆ ਹੈ ਜੋ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ਪੜਤਾਲ ਮੁਕੰਮਲ ਹੋਣ ’ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।