‘ਆਓ ਸਕੂਲ ਚੱਲੀਏ’ ਮੁਹਿੰਮ ਤਹਿਤ ਵਿਦਿਆਰਥੀਆਂ ਦਾ ਸਵਾਗਤ
ਗੁਰਨਾਮ ਸਿੰਘ ਅਕੀਦਾ/ਦਰਸ਼ਨ ਸਿੰਘ ਮਿੱਠਾ
ਪਟਿਆਲਾ/ਰਾਜਪੁਰਾ, 1 ਜੁਲਾਈ
ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਮਿਡਲ, ਹਾਈ, ਸੀਨੀਅਰ ਸੈਕੰਡਰੀ ਅਤੇ ਸਕੂਲ ਆਫ਼ ਐਮੀਨੈਂਸ ਵਿੱਚ ‘ਆਓ ਸਕੂਲ ਚੱਲੀਏ’ ਮੁਹਿੰਮ ਤਹਿਤ ਵਿਦਿਆਰਥੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਸਵੇਰੇ ਤੋਂ ਹੀ ਭਾਰੀ ਮੀਂਹ ਦੇ ਬਾਵਜੂਦ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਾਜ਼ਰੀ ਲਗਵਾਈ। ਕਲਾਸਾਂ ਨੂੰ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਸੀ। ਖੇਡਾਂ, ਗੀਤ-ਸੰਗੀਤ ਅਤੇ ਮਨੋਵਿਗਿਆਨਕ ਤਣਾਅ ਘਟਾਉਣ ਵਾਲੀਆਂ ਗਤੀਵਿਧੀਆਂ ਰਾਹੀਂ ਸਿੱਖਣ ਦੀ ਪ੍ਰਕਿਰਿਆ ਨੂੰ ਸੁਖਦਾਈ ਬਣਾਇਆ ਗਿਆ। ਇਸ ਮੌਕੇ ਸਕੂਲਾਂ ਵਿੱਚ ਡਾਕਟਰ ਦਿਵਸ ਵੀ ਉਤਸ਼ਾਹ ਨਾਲ ਮਨਾਇਆ ਗਿਆ। ਰਾਜਪੁਰਾ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਬਲਾਕ ਨੋਡਲ ਅਫ਼ਸਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ, ਸੈਦਖੇੜੀ, ਨਲਾਸ, ਮਿਰਜ਼ਾਪੁਰ ਅਤੇ ਐੱਨਟੀਸੀ ਦੇ ਵਿਦਿਆਰਥੀਆਂ ਨੇ ਭਾਗ ਲਿਆ। ਐੱਨਸੀਸੀ ਅਧਿਕਾਰੀ ਦੀਪਕ ਕੁਮਾਰ ਦੀ ਅਗਵਾਈ ਵਿੱਚ ਐੱਨਸੀਸੀ ਕੈਡੇਟਾਂ ਨੇ ਡਾਕਟਰਾਂ ਨੂੰ ਸਲਾਮੀ ਦਿੱਤੀ। ਡਾ. ਹਰਦੀਪ ਸਿੰਘ ਅਤੇ ਡਾ. ਪਵਨਦੀਪ ਕੌਰ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੂੰ ਸਕੂਲ ਪੱਧਰ ’ਤੇ ਇੰਨਾ ਵਧੀਆ ਸਨਮਾਨ ਮਿਲਿਆ। ਸਮਾਗਮ ਦੌਰਾਨ ਰੀਤੂ ਵਰਮਾ ਹੈੱਡ ਮਿਸਟ੍ਰੈੱਸ ਨਲਾਸ, ਮਨਦੀਪ ਕੌਰ ਹੈੱਡ ਮਿਸਟ੍ਰੈੱਸ ਮਿਰਜ਼ਾਪੁਰ, ਰਾਜਿੰਦਰ ਸਿੰਘ ਚਾਨੀ ਪ੍ਰੋਗਰਾਮ ਕੋ-ਆਰਡੀਨੇਟਰ ਅਤੇ ਸਕੂਲ ਹੈਲਥ ਵੈੱਲਨੈੱਸ ਅੰਬੈਸਡਰ ਅਲਕਾ ਗੌਤਮ ਨੇ ਵੀ ਮੰਚ ਤੋਂ ਡਾਕਟਰਾਂ ਦਾ ਸਨਮਾਨ ਕੀਤਾ।