ਰਾਜਪੁਰਾ ਵਿੱਚ ਰੇਹੜੀ ਵਾਲਿਆਂ ਨੂੰ ਮਾਰਕੀਟ ਮਿਲੀ
ਰੰਗਲਾ ਪੰਜਾਬ ਮੁਹਿੰਮ ਤਹਿਤ ਵਿਧਾਇਕਾ ਨੀਨਾ ਮਿੱਤਲ ਨੇ ਅੱਜ ਸ਼ਹਿਰ ਵਿੱਚ ਰੇਹੜੀ ਮਾਰਕੀਟ ਦਾ ਉਦਘਾਟਨ ਕੀਤਾ। ਇਸ ਮਾਰਕੀਟ ਦੀ ਸਥਾਪਨਾ ਦਾ ਮਕਸਦ ਲੋੜਵੰਦ ਪਰਿਵਾਰਾਂ ਨੂੰ ਆਤਮਨਿਰਭਰ ਬਣਾਉਣਾ ਹੈ। ਵਿਧਾਇਕਾ ਵੱਲੋਂ ਕੁੱਲ 133 ਲੋੜਵੰਦ ਪਰਿਵਾਰਾਂ ਨੂੰ ਰੁਜ਼ਗਾਰ ਲਈ ਥਾਵਾਂ ਅਲਾਟ ਕੀਤੀਆਂ ਗਈਆਂ। ਪੂਰੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਡਰਾਅ ਪਰਚੀ ਰਾਹੀਂ ਕੱਢਿਆ ਗਿਆ ਅਤੇ ਇਹ ਪਰਚੀ ਮੌਜੂਦ ਇਕ ਛੋਟੇ ਬੱਚੇ ਤੋਂ ਚੁਕਵਾਈਆਂ ਗਈਆਂ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਵਤਾਰ ਚੰਦ ਅਨੁਸਾਰ 15 ਥਾਵਾਂ ਸਬਜ਼ੀ ਵੇਚਣ ਵਾਲਿਆਂ ਲਈ, 34 ਫਲਾਂ ਲਈ, 41 ਖਾਣ-ਪੀਣ ਦੇ ਸਾਮਾਨ, 4 ਨਾਨ-ਵੇਜ, 8 ਮੋਚੀਆਂ ਲਈ ਅਤੇ 31 ਫੁਟਕਲ ਕਾਰੋਬਾਰ ਕਰਨ ਵਾਲਿਆਂ ਲਈ ਅਲਾਟ ਕੀਤੀਆਂ ਗਈਆਂ ਹਨ। ਇਸ ਮੌਕੇ ਹਾਜ਼ਰ ਲੋਕਾਂ ਨੇ ਪੰਜਾਬ ਸਰਕਾਰ ਅਤੇ ਵਿਧਾਇਕਾ ਨੀਨਾ ਮਿੱਤਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਕੋਲ ਕੋਈ ਨਿਰਧਾਰਤ ਥਾਂ ਨਹੀਂ ਸੀ ਅਤੇ ਉਨ੍ਹਾਂ ਨੂੰ ਵਾਰ-ਵਾਰ ਪ੍ਰਸ਼ਾਸਨ ਦੀਆਂ ਕਾਰਵਾਈਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਸਰਕਾਰ ਨੇ ਇੱਜ਼ਤ ਨਾਲ ਰੋਜ਼ੀ-ਰੋਟੀ ਕਮਾਉਣ ਦਾ ਮੌਕਾ ਦਿੱਤਾ ਹੈ।
ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਹਾਜ਼ਰ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਹੁਣ ਕਿਸੇ ਵੀ ਹਾਲਤ ਵਿੱਚ ਮੁੱਖ ਬਾਜ਼ਾਰਾਂ ਜਾਂ ਸੜਕਾਂ ’ਤੇ ਗਲਤ ਢੰਗ ਨਾਲ ਰੇਹੜੀਆਂ ਨਾ ਲਗਾਈਆਂ ਜਾਣ ਕਿਉਂਕਿ ਸਰਕਾਰ ਵਲੋਂ ਉਨ੍ਹਾਂ ਲਈ ਸੁਗਮ ਅਤੇ ਸੁਚੱਜਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਇਸ ਮੌਕੇ ਲਵਿਸ਼ ਮਿੱਤਲ, ਕੌਂਸਲਰ ਰਾਜੇਸ਼ ਇੰਸਾ, ਦਵਿੰਦਰ ਬੈਦਵਾਨ, ਰਿਤੇਸ਼ ਬਾਂਸਲ, ਬਿਕਰਮ ਕੰਡੇਵਾਲ਼ਾ, ਧਨਵੰਤ ਸਿੰਘ, ਟਿੰਕੂ ਬਾਂਸਲ ਤੇ ਅਮਰਿੰਦਰ ਮੀਰੀ ਹਾਜ਼ਰ ਸਨ।