ਭਾਸ਼ਾ ਭਵਨ ’ਚ ਸੋਲਰ ਪਲਾਂਟ ਚਾਲੂ
ਭਾਸ਼ਾ ਵਿਭਾਗ ਪੰਜਾਬ ਦੇ ਇੱਥੇ ਸਥਿਤ ਮੁੱਖ ਦਫ਼ਤਰ ਦੀ ਇਮਾਰਤ ਭਾਸ਼ਾ ਭਵਨ ਵਿੱਚ 85 ਕਿਲੋਵਾਟ ਦੀ ਸਮਰੱਥਾ ਵਾਲਾ ਸੋਲਰ ਪਲਾਂਟ ਚਾਲੂ ਹੋ ਗਿਆ ਹੈ। ਇਸ ਸਬੰਧੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਪ੍ਰਾਜੈਕਟ ਦੇ 70 ਕਿਲੋਵਾਟ ਦੇ ਸੋਲਰ ਸੈੱਲ ਭਾਸ਼ਾ ਭਵਨ ਦੀ ਇਮਾਰਤ ਦੀ ਛੱਤ ਅਤੇ 15 ਕਿਲੋਵਾਟ ਦੇ ਸੋਲਰ ਸੈੱਲ ਨਵੇਂ ਬਣ ਰਹੇ ਸਕੂਟਰ ਤੇ ਸਾਈਕਲ ਸ਼ੈੱਡ ’ਤੇ ਸਥਾਪਤ ਕੀਤੇ ਗਏ ਹਨ। ਇਸ ਪ੍ਰਾਜੈਕਟ ’ਤੇ ਲਗਪਗ 32.44 ਲੱਖ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਤੋਂ ਪੈਦਾ ਹੋਣ ਵਾਲੀ ਬਿਜਲੀ ਨਾਲ ਇਹ ਕੀਮਤ ਲਗਪਗ 5 ਸਾਲਾਂ ਵਿੱਚ ਪੂਰੀ ਹੋ ਜਾਣ ਦੀ ਉਮੀਦ ਹੈ। ਆਮ ਕੰਮ ਕਾਜ ਦੇ ਦਿਨਾਂ ਵਿੱਚ ਇਹ ਊਰਜਾ ਭਾਸ਼ਾ ਵਿਭਾਗ ਦੇ ਦਫ਼ਤਰ ਵਿੱਚ ਵਰਤੀ ਜਾਵੇਗੀ ਅਤੇ ਛੁੱਟੀਆਂ ਦੇ ਦਿਨਾਂ ਵਿੱਚ ਇਹ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੂੰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪਲਾਂਟ ਦੇ ਚਾਲੂ ਹੋਣ ਨਾਲ ਸਰਕਾਰ ਦੀ ਵੱਡੀ ਵਿੱਤੀ ਬੱਚਤ ਹੋਵੇਗੀ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸਥਾਨਕ ਕਾਰਜਕਾਰੀ ਇੰਜਨੀਅਰ ਜਤਿੰਦਰ ਸਿੰਘ ਕੰਡਾ ਨੇ ਦੱਸਿਆ ਕਿ ਇਸ ਬਿਜਲੀ ਉਤਪਾਦਨ ਨਾਲ 11 ਕੇ ਵੀ ਸ਼ੇਰਾਂ ਵਾਲਾ ਫੀਡਰ ਨੂੰ 100 ਕੇ ਵੀ ਲੋਡ ਦੀ ਰਾਹਤ ਮਿਲੇਗੀ। ਵਿਭਾਗ ਦੀ ਡਿਪਟੀ ਡਾਇਰੈਕਟਰ ਤੇ ਸਟੋਰ ਭਾਗ ਦੇ ਇੰਚਾਰਜ ਸ੍ਰੀਮਤੀ ਚੰਦਨਦੀਪ ਕੌਰ ਨੇ ਦੱਸਿਆ ਕਿ ਇਹ ਪ੍ਰਾਜੈਕਟ 150 ਦਿਨਾਂ ਵਿੱਚ ਪੂਰਾ ਕੀਤਾ ਜਾਣਾ ਸੀ ਪ੍ਰੰਤੂ ਇਹ 214 ਦਿਨਾਂ ਵਿੱਚ ਪੂਰਾ ਕੀਤਾ ਗਿਆ।