ਐੱਸ ਕੇ ਐੱਮ ਦੀਆਂ ਜਥੇਬੰਦੀਆਂ ਵੱਲੋਂ ਡੀਐੱਸਪੀ ਦਫ਼ਤਰ ਅੱਗੇ ਧਰਨਾ
ਨਸ਼ਿਆਂ ਵਿਰੁੱਧ ਮੁਹਿੰਮ ਦੀ ਆੜ 'ਚ ਝੂਠੇ ਕੇਸ ਦਰਜ ਕਰਨ ਦਾ ਵਿਰੋਧ
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਅੰਕੜੇ ਵਧਾਉਣ ਲਈ ਐੱਨਡੀਪੀਐੱਸ ਐਕਟ ਦੇ ਝੂਠੇ ਕੇਸ ਦਰਜ ਕੀਤੇ ਜਾਣ ਦੇ ਵਿਰੋਧ ਵਜ਼ੋਂ ਸੰਯੁਕਤ ਕਿਸਾਨ ਮੋਰਚਾ (ਐੱਸ ਕੇ ਐੱਮ) ਬਲਾਕ ਪਾਤੜਾਂ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਨੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਦੇ ਸਰਵਿਸ ਰੋਡ ਉੱਤੇ ਡੀਐੱਸਪੀ ਦਫ਼ਤਰ ਪਾਤੜਾਂ ਦੇ ਬਾਹਰ ਧਰਨਾ ਦਿੱਤਾ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਰਾਮਚੰਦ ਚੁਨਾਗਰਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ ਦੇਧਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਿਆਂ ਨੂੰ ਖ਼ਤਮ ਕਰਨ ਦੀ ਮੁਹਿੰਮ ਦੀ ਆੜ ਵਿੱਚ ਝੂਠ ਦਾ ਵਪਾਰ ਕਰ ਰਹੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਇਹ ਕਦਮ ਸਿਰਫ ਐਨਡੀਪੀਐਸ ਐਕਟ ਦੇ ਹਜ਼ਾਰਾਂ ਕੇਸ ਦਰਜ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਚੁੱਕਿਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਬਲਾਕ ਦੇ ਵੱਖ-ਵੱਖ ਪਿੰਡਾਂ ਜਿਵੇਂ ਕਿ ਦੁਤਾਲ, ਹਾਮਝੇੜ੍ਹੀ, ਨਿਆਲ, ਕਕਰਾਲਾ, ਅਤੇ ਹੋਰਨਾਂ ਵਿੱਚ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਉਹ ਵਿਅਕਤੀ, ਜੋ ਨਾ ਨਸ਼ਾ ਵੇਚਦੇ ਹਨ ਅਤੇ ਨਾ ਹੀ ਨਸ਼ੇ ਦੇ ਆਦੀ ਹਨ ਜਿਨ੍ਹਾਂ ਦੇ ਡੋਪ ਟੈਸਟ ਵੀ ਨੈਗੇਟਿਵ ਆਏ ਹਨ, ਉਨ੍ਹਾਂ ਨੂੰ ਨਸ਼ਾ ਵਿਰੋਧੀ ਐਕਟ ਦੇ ਕੇਸਾਂ ਵਿੱਚ ਫਸਾਉਣ ਲਈ ਘਰਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ੇ ਦਾ ਵਪਾਰ ਕਰਨ ਵਾਲੇ 'ਵੱਡੇ ਮਗਰਮੱਛਾਂ' ਦੇ ਹੱਕ ਵਿੱਚ ਬਿਲਕੁਲ ਨਹੀਂ, ਸਗੋਂ ਚਾਹੁੰਦੇ ਹਨ ਕਿ ਪੁਲੀਸ ਨਿਰਪੱਖਤਾ ਨਾਲ ਕੰਮ ਕਰੇ ਅਤੇ ਅਸਲ ਨਸ਼ਾ ਸੌਦਾਗਰਾਂ 'ਤੇ ਨਕੇਲ ਕੱਸੇ। ਪ੍ਰੰਤੂ ਜੇ ਕਿਸੇ ਬੇਕਸੂਰ ਉੱਤੇ ਝੂਠੇ ਕੇਸ ਦਰਜ ਕੀਤੇ ਗਏ, ਤਾਂ ਸੰਯੁਕਤ ਕਿਸਾਨ ਮੋਰਚਾ ਡੱਟ ਕੇ ਵਿਰੋਧ ਕਰੇਗਾ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਚੇਤਾਵਨੀ ਧਰਨੇ ਦੀ ਸਮਾਪਤੀ ਸਮੇਂ ਮਤਾ ਪਾਸ ਕੀਤਾ ਕਿ ਕੱਲ੍ਹ ਡੀਸੀ ਪਟਿਆਲਾ ਦਫ਼ਤਰ ਵਿਖੇ ਧਰਨੇ ਤੋਂ ਬਾਅਦ ਐੱਸਐੱਸਪੀ ਨੂੰ ਮਿਲੇਗਾ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਨਿਰਦੋਸ਼ ਉੱਪਰ ਅਜਿਹੀ ਕੋਈ ਕਾਰਵਾਈ ਨਾ ਹੋਵੇ।