ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹੜ ਦੇ ਪਾਣੀ ਦੀ ਨਿਕਾਸੀ ਲਈ ਬਣੇ ਸਾਈਫਨਾਂ ਦੀ ਨਾ ਹੋਈ ਸਫ਼ਾਈ

ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬੇਧਿਆਨੀ ਕਾਰਨ ਹੋ ਸਕਦੈ ਨੁਕਸਾਨ
Advertisement

ਸੁਭਾਸ਼ ਚੰਦਰ

ਸਮਾਣਾ, 29 ਜੂਨ

Advertisement

ਸਮਾਣਾ ਨੇੜਿਓਂ ਭਾਖੜਾ ਮੇਨ ਲਾਈਨ ’ਚੋਂ ਨਿਕਲਦੀ ਹਾਂਸੀ ਬੁਟਾਣਾ ਨਹਿਰ, ਪਟਿਆਲਾ ਨਦੀ ਅਤੇ ਘੱਗਰ ਦਰਿਆ ਦੇ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਲਈ ਬਣੇ ਸਾਈਫਨਾ ਦੀ ਸਫ਼ਾਈ ਨਾ ਹੋਣ ਕਾਰਨ ਕਈ ਦਰਜਨਾਂ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਪੰਜਾਬ ਸਰਕਾਰ ਅਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਹੇ, ਜਿਸ ਕਾਰਨ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।

ਜ਼ਿਕਰਯੋਗ ਹੈ ਕਿ ਪਿੰਡ ਬੋਪੁਰ-ਡੰਡੋਤਾ ਨੇੜੇ ਟਾਂਗਰੀ ਤੇ ਮਾਰਕੰਡਾ ਦਾ ਪਾਣੀ ਬਰਸਾਤਾਂ ਵਿੱਚ ਇਕੱਠਾ ਹੋ ਕੇ ਮੀਰਾਂਪੁਰ ਚੋਅ ਤੇ ਘੱਗਰ ਦਰਿਆ ਰਾਹੀ ਹਾਂਸੀ ਬੁਟਾਨਾ ਨਹਿਰ ’ਤੇ ਬਣੇ ਸਾਈਫਨਾ ’ਚੋਂ ਲੰਘਦਾ ਹੈ। ਇਨ੍ਹਾਂ ਸਾਈਫਨਾਂ ਦੀ ਉਚਾਈ ਕਰੀਬ 25 ਫੁੱਟ ਹੈ ਪਰ ਸਫ਼ਾਈ ਕੀਤੇ ਜਾਣ ਦੇ ਬਾਵਜੂਦ ਵੀ 10 ਫੁੱਟ ਮਿੱਟੀ ਭਰੀ ਪਈ ਹੈ। ਮੁਕੰਮਲ ਸਫ਼ਾਈ ਹੋਣ ’ਤੇ ਇਨ੍ਹਾਂ ਸਾਈਫਨਾਂ ਵਿੱਚੋਂ 1,62,300 ਕਿਊਸਿਕ ਪਾਣੀ ਦਾ ਨਿਕਾਸ ਹੋ ਸਕਦਾ ਹੈ। ਹਾਲਾਂਕਿ ਅੱਧ ਤੱਕ ਮਿੱਟੀ ਭਰ ਜਾਣ ਕਾਰਨ ਡਾਫ ਲੱਗ ਕੇ ਪਾਣੀ ਪੰਜਾਬ ਵਾਲੇ ਪਾਸੇ ਬੰਨ੍ਹ ਤੋੜ ਕੇ ਖੇਤਾਂ ਵਿੱਚ ਫ਼ਸਲ ਦਾ ਨੁਕਸਾਨ ਕਰ ਸਕਦਾ ਹੈ।

ਕੁਲ ਹਿੰਦ ਕਿਸਾਨ ਸਭਾ ਆਗੂ ਕਾਮਰੇਡ ਗੁਰਬਖਸ਼ ਸਿੰਘ ਧਨੇਠਾ ਨੇ ਦੱਸਿਆ ਕਿ ਜਦੋਂ ਹਾਂਸੀ- ਬੁਟਾਨਾ ਨਹਿਰ ਦੀ ਉਸਾਰੀ ਕੀਤੀ ਜਾ ਰਹੀ ਸੀ, ਤਾਂ ਨੇੜਲੇ ਪਿੰਡਾਂ ਦੇ ਹਜ਼ਾਰਾਂ ਕਿਸਾਨਾਂ ਨੇ ਇਕੱਠੇ ਹੋ ਕੇ ਹੜਾਂ ਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਵੱਧ ਤੋਂ ਵੱਧ ਸਾਈਫਨ ਬਣਾਉਣ ਦੀ ਮੰਗ ਕੀਤੀ ਸੀ। ਹਰਿਆਣਾ ਸਰਕਾਰ ਨੇ ਲੋਕਾਂ ਦੀ ਮੰਗ ’ਤੇ ਹਾਈ ਕੋਰਟ ਦੇ ਫ਼ੈਸਲੇ ਨੂੰ ਦੇਖਦਿਆਂ ਪਹਿਲਾਂ ਨਾਲੋਂ ਸਾਈਫਨਾ ਦੀ ਗਿਣਤੀ ਵਧਾ ਕੇ ਸਾਈਫਨ ਸਾਫ ਰੱਖਣ ਦੀ ਜ਼ਿੰਮੇਵਾਰੀ ਵੀ ਲਈ ਸੀ। ਉਨ੍ਹਾਂ ਦੱਸਿਆ ਕਿ ਪਟਿਆਲਾ ਨਦੀ ’ਤੇ ਬਣੇ ਸਾਈਫਨਾਂ ਦੀ ਸਫ਼ਾਈ ਨਾ ਹੋਣ ਕਰਕੇ ਬੂਟੀ ਖੜ੍ਹੀ ਹੈ ਤੇ ਸਰੋਲਾ ਸਾਈਫਨਾਂ ਵਿੱਚ 10 ਫੁੱਟ ਤੋਂ ਵੱਧ ਉਚਾਈ ’ਚ ਫਸੀ ਮਿੱਟੀ ਲੱਗੀ ਗੇਜ ਤੋਂ ਪਤਾ ਲੱਗ ਰਿਹਾ ਹੈ।

ਹਰਿਆਣਾ ਰਾਜ ਦੇ ਐੱਸਡੀਓ ਅਜਮੇਰ ਸਿੰਘ ਨੇ ਦੱਸਿਆ ਕਿ ਸਰੋਲਾ ਸਾਈਫਨਾਂ ਦੀ ਸਫ਼ਾਈ ਲਈ 25 ਲੱਖ ਦਾ ਟੈਂਡਰ ਹੋਇਆ ਸੀ। ਸਫ਼ਾਈ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਪਟਿਆਲਾ ਨਦੀ ਦੇ ਸਾਈਫਨਾਂ ਦੀ ਸਫ਼ਾਈ ਦਾ ਕੰਮ ਉਨ੍ਹਾਂ ਕੋਲ ਨਹੀਂ ਹੈ।

ਪੰਜਾਬ ਦੇ ਕਾਰਜਕਾਰੀ ਇੰਜਨੀਅਰ ਪ੍ਰਥਮ ਗੰਭੀਰ ਨੇ ਦੱਸਿਆ ਕਿ ਪਟਿਆਲਾ ਨਦੀ ਦੇ ਹਾਂਸੀ-ਬੁਟਾਨਾ ਨਹਿਰ ’ਚ ਬਣੇ ਸਾਈਫਨਾਂ ਦੀ ਸਫ਼ਾਈ ਮੁਕੰਮਲ ਹੈ ਜਿਸ ਦੀ ਜਾਣਕਾਰੀ ਉਨ੍ਹਾਂ ਹਰਿਆਣਾ ਰਾਜ ਦੇ ਸਬੰਧਿਤ ਅਫ਼ਸਰ ਨਾਲ ਮੋਬਾਈਲ ਫੋਨ ’ਤੇ ਲਈ ਹੈ।

 

Advertisement