ਗੁਰਨਾਮ ਸਿੰਘ ਚੌਹਾਨ
ਪਾਤੜਾਂ , 14 ਜੁਲਾਈ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਪਾਰਟੀ ’ਤੇ ਕਾਬਜ਼ ਧੜੇ ਵੱਲੋਂ ਮੰਨਣ ਤੋਂ ਇਨਕਾਰੀ ਹੋਣ ਮਗਰੋਂ ਅਕਾਲੀ ਦਲ ਵਿੱਚ ਫੁੱਟ ਵਧ ਗਈ ਹੈ। ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦਾ ਪਰਿਵਾਰ ਪਾਰਟੀ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੀ ਲਹਿਰ ਦਾ ਹਿੱਸਾ ਬਣ ਕੇ ਰਾਜਨੀਤੀ ਦੇ ਮੈਦਾਨ ਵਿੱਚ ਕੁੱਦ ਪਿਆ ਹੈ। ਬੀਬੀ ਲੂੰਬਾ ਦੇ ਪਤੀ ਕਰਨ ਸਿੰਘ ਡੀਟੀਓ ਇੱਕ ਵੱਡੇ ਕਾਫ਼ਲੇ ਨਾਲ ਖੁੱਲ੍ਹੀ ਗੱਡੀ ਵਿੱਚ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਨਤਮਸਤਕ ਹੋਏ। ਸੰਗਤ ਦੀ ਹਾਜ਼ਰੀ ਵਿੱਚ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਕੰਮ ਕਰਨ ਦਾ ਅਹਿਦ ਦੁਰਹਾਉਂਦਿਆਂ ਹਲਕੇ ਦੀ ਸਿਆਸਤ ਵਿੱਚ ਕੁੱਦਣ ਦਾ ਰਸਮੀ ਐਲਾਨ ਕੀਤਾ।
ਕਰਨ ਸਿੰਘ ਡੀਟੀਓ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਵਿਅਕਤੀ ਦੀ ਜਾਇਦਾਦ ਨਹੀਂ ਹੈ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਹੈ ਸਗੋਂ ਇਸ ਦੀ ਬੁਨਿਆਦ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ’ਤੇ ਰੱਖੀ ਗਈ ਸੀ। ਇਹ ਪੰਜਾਬੀਆਂ ਦੀਆਂ ਰਗਾਂ ਵਿੱਚ ਵਗਦਾ ਉਹ ਖੂਨ ਹੈ ਜਿਹੜਾ ਸਦਾ ਜ਼ੁਲਮ ਦੇ ਖ਼ਿਲਾਫ਼ ਖੋਲਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਦਾ ਲੋਕਾਂ ਦੀ ਲੜਾਈ ਲੜਨ ਵਾਲਾ ਸ਼੍ਰੋਮਣੀ ਅਕਾਲੀ ਦਲ ਨਿੱਜੀ ਹੱਥਾਂ ਵਿੱਚ ਸਿਮਟ ਕੇ ਰਹਿ ਗਿਆ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚਤਾ ਨੂੰ ਮੰਨਦਿਆਂ ਉਨ੍ਹਾਂ ਦਾ ਪਰਿਵਾਰ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਹਿਰ ਦਾ ਹਿੱਸਾ ਬਣਿਆ ਹੈ। ਉਨ੍ਹਾਂ ਕਿਹਾ ਕਿ ਪੰਜ ਹਫ਼ਤਿਆਂ ਦੇ ਸੀਮਤ ਸਮੇਂ ਵਿੱਚ ਹਲਕਾ ਵਾਸੀਆਂ ਨੇ ਉਨ੍ਹਾਂ ਨੂੰ ਵਿਧਾਇਕ ਬਣਾਇਆ ਸੀ। ਬੀਬੀ ਲੂੰਬਾ ਨੇ ਵੱਡੇ ਪੱਧਰ ’ਤੇ ਵਿਕਾਸ ਕਾਰਜਾਂ ਦੇ ਨਾਲ-ਨਾਲ ਹਲਕੇ ਦੀਆਂ ਪੰਜ ਵੱਡੀਆਂ ਮੰਗਾਂ ਦਾ ਹੱਲ ਕਰਵਾਉਣ ਵਿੱਚ ਸਫ਼ਲ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਗੋਬਿੰਦ ਸਿੰਘ ਵਿਰਦੀ, ਨਗਰ ਕੌਂਸਲ ਪਾਤੜਾਂ ਦੇ ਸਾਬਕਾ ਪ੍ਰਧਾਨ ਵਿਨੋਦ ਕੁਮਾਰ ਜਿੰਦਲ, ਸਾਬਕਾ ਮੀਤ ਪ੍ਰਧਾਨ ਫ਼ਕੀਰ ਚੰਦ ਗੋਇਲ, ਬਲਾਕ ਸਮਿਤੀ ਪਾਤੜਾਂ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਬਰਾਸ, ਪੀਏਡੀਬੀ ਦੇ ਸਾਬਕਾ ਚੇਅਰਮੈਨ ਰਛਪਾਲ ਸਿੰਘ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਦਲਜੀਤ ਸਿੰਘ ਗਲੋਲੀ ਅਤੇ ਮੰਗਤ ਸਿੰਘ ਹਰਿਆਊ ਆਦਿ ਹਾਜ਼ਰ ਸਨ।