ਸ਼੍ਰੋਮਣੀ ਕਮੇਟੀ ਵੱਲੋਂ ਫਿਲਮ ‘ਐਮਰਜੈਂਸੀ’ ਖ਼ਿਲਾਫ਼ ਮੁਜ਼ਾਹਰਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਜਨਵਰੀ
ਬੌਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਦੀ ਅੱਜ ਰਿਲੀਜ਼ ਹੋਈ ਫਿਲਮ ‘ਐਮਰਜੈਂਸੀ’ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੇ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਮੁਲਾਜ਼ਮਾਂ ਨੇ ਇੱਥੇ ਨਵੇਂ ਬੱਸ ਸਟੈਂਡ ਨੇੜੇ ਸਥਿਤ ਪੀਵੀਆਰ ਸਿਨੇੇਮਾ ਅੱਗੇ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦੀ ਅਗਵਾਈ ਹੇਠ ਮੁਜ਼ਾਹਰਾ ਕੀਤਾ। ਉਂਜ ਇੱਥੇ ਹੀ ਕੁਝ ਕੁ ਹੋਰ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਪ੍ਰਦਰਸ਼ਨ ਕੀਤਾ। ਜਾਣਕਾਰੀ ਅਨੁਸਾਰ ਮੁਜ਼ਾਹਰੇ ਦੇ ਮੱਦੇਨਜ਼ਰ ਸਬੰਧਤ ਥਾਣਾ ਅਰਬਨ ਅਸਟੇਟ ਦੇ ਐੱਸਐੱਚਓ ਅਮਨਦੀਪ ਬਰਾੜ ਦੀ ਅਗਵਾਈ ਹੇਠ ਪੁਲੀਸ ਫੋਰਸ ਪਹਿਲਾਂ ਹੀ ਤਾਇਨਾਤ ਕਰ ਦਿੱਤੀ ਗਈ ਸੀ। ਇਸ ਦੌਰਾਨ ਡੀਐੱਸਪੀ ਜਸਵਿੰਦਰ ਟਿਵਾਣਾ ਨੇ ਵੀ ਸ਼੍ਰੋਮਣੀ ਕਮੇਟੀ ਮੈਂਬਰਾਂ ਸੁਰਜੀਤ ਸਿੰਘ ਗੜ੍ਹੀ, ਜਸਮੇਰ ਸਿੰਘ ਲਾਛੜੂ ਤੇ ਜਰਨੈਲ ਸਿੰਘ ਕਰਤਾਰਪੁਰ ਆਦਿ ਨਾਲ ਗੱਲ ਕਰਦਿਆਂ ਫਿਲਮ ਨਾ ਚੱਲਣ ਦੇਣ ਦਾ ਭਰੋਸਾ ਦਿਤਾ। ਇਸ ਮਗਰੋਂ ਪ੍ਰਦਰਸ਼ਨ ਸਮਾਪਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਦੇ ਮੈਨੇਜਰ ਨਿਸ਼ਾਨ ਸਿੰਘ ਜਫਰਵਾਲ ਵੀ ਮੌਜੂਦ ਰਹੇ। ਸਿੱਖ ਆਗੂਆਂ ਨੇ ਸਿਨਮਾ ਘਰਾਂ ਦੇ ਮਾਲਕਾਂ ਤੇ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ।
ਇਸ ਤੋਂ ਪਹਿਲਾਂ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਗੜ੍ਹੀ, ਜਸਮੇਰ ਸਿੰਘ ਲਾਛੜੂ ਤੇ ਜਰਨੈਲ ਸਿੰਘ ਕਰਤਾਰਪੁਰ ਨੇ ਆਖਿਆ ਕਿ ਸਿੱਖਾਂ ਨੂੰ ਬਦਨਾਮ ਕਰਨ ਲਈ ਕਈ ਸ਼ਕਤੀਆਂ ਚਿਰਾਂ ਤੋਂ ਸਰਗਰਮ ਹਨ। ਕੰਗਨਾ ਰਣੌਤ ਨੂੰ ਪੰਜਾਬੀ ਤੇ ਸਿੱਖ ਵਿਰੋਧੀ ਗਰਦਾਨਦਿਆਂ ਇਨ੍ਹਾਂ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਵੀ ਇਸ ਨੇ ਕਿਸਾਨ ਬੀਬੀਆਂ ਖਿਲਾਫ ਭੱਦੀ ਟਿੱਪਣੀ ਕਰਕੇ ਆਪਣੀ ਮਾੜੀ ਸੋਚ ਦਾ ਪ੍ਰਗਟਾਵਾ ਕੀਤਾ ਸੀ ਤੇ ਉਹ ਅਕਸਰ ਹੀ ਸਿੱਖਾਂ ਤੇ ਪੰਜਾਬੀਆਂ ਖ਼ਿਲਾਫ਼ ਜ਼ਹਿਰ ਉਗਲਦੀ ਰਹਿੰਦੀ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਆਰਐੱਸਐੱਸ ਦੇ ਹੱਥਾਂ ’ਚ ਖੇਡਣ ਦੇ ਦੋਸ਼ ਲਾਏ। ਤਰਕ ਸੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੇਨਤੀ ਦੇ ਬਾਵਜੂਦ ਵੀ ਉਨ੍ਹਾਂ ਫ਼ਿਲਮ ਦੇ ਪੰਜਾਬ ’ਚ ਪ੍ਰਸਾਰਿਤ ਹੋਣ ’ਤੇ ਪਾਬੰਦੀ ਨਹੀਂ ਲਾਈ। ਸੁਰਜੀਤ ਗੜ੍ਹੀ ਨੇ ਐਲਾਨ ਕੀਤਾ ਸੱਚੇ ਸੁੱਚੇ ਸਿੱਖ ਇਸ ਸਿੱਖ ਵਿਰੋਧੀ ਫ਼ਿਲਮ ਨੂੰ ਪੰਜਾਬ ’ਚ ਨਹੀਂ ਚੱਲਣ ਦੇਣਗੇ। ਇਸ ਮੌਕੇ ਸੁਰਿੰਦਰ ਘੁਮਾਣਾ, ਬਲਵਿੰਦਰ ਦੌਣ, ਰਾਣਾ ਨਿਰਮਾਣ ਤੇ ਬਿੱਟੂ ਬੱਲਰਾਂ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ।