ਸੀਵਰੇਜ ਬੋਰਡ ਮੁਲਾਜ਼ਮਾਂ ਦੀ ਹੜਤਾਲ ਜਾਰੀ
ਵਾਟਰ ਸਪਲਾਈ ਸੀਵਰਮੈਨ ਯੂਨੀਅਨ ਦੇ ਪ੍ਰਧਾਨ ਸੰਜੀਵ ਕੁਮਾਰ ਸੰਜੂ ਅਤੇ ਕਰਮਚਾਰੀ ਦਲ ਪੰਜਾਬ ਭਗੜਾਣਾ ਰਾਜਪੁਰਾ ਦੇ ਪ੍ਰਧਾਨ ਨਰੇਸ਼ ਕੁਮਾਰ ਦੀ ਅਗਵਾਈ ਹੇਠ ਚੱਲ ਰਹੀ ਹੜਤਾਲ ਅੱਜ ਵੀ ਜਾਰੀ ਰਹੀ। ਹੜਤਾਲ ਨੂੰ ਨਗਰ ਕੌਂਸਲ ਵਿੱਚ ਹੋਰ ਯੂਨੀਅਨਾਂ ਜਿਨ੍ਹਾਂ ਵਿੱਚ ਪ੍ਰਧਾਨ ਜਸਵੀਰ ਕੁਮਾਰ ਨਾਹਰ ਦੀ ਅਗਵਾਈ ਹੇਠਲੀ ਭਾਰਤੀ ਮਜ਼ਦੂਰ ਸੰਘ ਅਤੇ ਪ੍ਰਧਾਨ ਹੰਸਰਾਜ ਬਨਵਾੜੀ ਦੀ ਅਗਵਾਈ ਹੇਠਲੀ ਸਫ਼ਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਇਸ ਸੰਘਰਸ਼ ਨੂੰ ਪੂਰਾ ਸਮਰਥਨ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਨਰੇਸ਼ ਕੁਮਾਰ ਅਤੇ ਪ੍ਰਧਾਨ ਸੰਜੀਵ ਕੁਮਾਰ ਸੰਜੂ ਨੇ ਕਿਹਾ ਕਿ ਉਨ੍ਹਾਂ ਦੀ ਸੂਬਾ ਪੱਧਰੀ ਯੂਨੀਅਨ ਦੇ ਆਗੂਆਂ ਨੂੰ ਸੂਬਾ ਸਰਕਾਰ ਵੱਲੋਂ ਗੱਲਬਾਤ ਲਈ ਅੱਜ 23 ਅਗਸਤ 2025 ਨੂੰ ਮੀਟਿੰਗ ਦਾ ਸਮਾਂ ਦਿੱਤਾ ਹੋਇਆ ਸੀ ਪਰ ਸੂਬਾ ਸਰਕਾਰ ਨੇ ਅੱਜ ਹੋਣ ਵਾਲ਼ੀ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਹੈ ਜਿਸ ਤੋਂ ਸਾਫ਼ ਹੋ ਜਾਂਦਾ ਹੈ ਕਿ ਸੂਬਾ ਸਰਕਾਰ ਜਾਇਜ਼ ਹੱਕੀ ਮੰਗਾ ਸਬੰਧੀ ਗੰਭੀਰ ਨਹੀਂ ਹੈ ਅਤੇ ਉਸ ਦੀ ਨੀਅਤ ਸਾਫ਼ ਨਹੀਂ ਹੈ। ਇਸ ਕਾਰਨ ਸਾਰੇ ਹੀ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਕੱਚੇ ਕਾਮਿਆਂ ਵਿਚ ਭਾਰੀ ਰੋਹ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਠੇਕੇਦਾਰੀ ਪ੍ਰਣਾਲੀ ਰਾਹੀਂ ਭਰਤੀ ਕੀਤੇ ਮੁਲਾਜ਼ਮਾਂ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਲਿਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਚੱਲਣਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕੱਚੇ ਕਾਮਿਆਂ ਨੂੰ ਰੈਗੂਲਰ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਸੀਵਰੇਜ ਬੋਰਡ ਅਤੇ ਵਾਟਰ ਸਪਲਾਈ ਦੇ ਉੱਚ ਅਧਿਕਾਰੀਆਂ ਅਤੇ ਐੱਸਡੀਐੱਮ ਰਾਜਪੁਰਾ ਨੂੰ ਲਿਖਤੀ ਸੂਚਿਤ ਕਰ ਦਿੱਤਾ ਗਿਆ ਹੈ।