ਐੱਸਡੀਐੱਮ ਵੱਲੋਂ ਸੜਕ ਸੁਰੱਖਿਆ ਤੇ ਟਰੈਫ਼ਿਕ ਸਮੱਸਿਆਵਾਂ ਬਾਰੇ ਮੀਟਿੰਗ
ਮਿਨੀ ਸਕੱਤਰੇਤ ਰਾਜਪੁਰਾ ਵਿੱਚ ਸੜਕ ਸੁਰੱਖਿਆ ਅਤੇ ਟਰੈਫਿਕ ਵਿਵਸਥਾ ਸਬੰਧੀ ਇਕ ਅਹਿਮ ਮੀਟਿੰਗ ਐੱਸਡੀਐੱਮ ਅਵਿਕੇਸ਼ ਗੁਪਤਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਐੱਸਪੀ ਟਰੈਫ਼ਿਕ ਪਟਿਆਲਾ ਅਛਰੂ ਰਾਮ ਸ਼ਰਮਾ, ਐੱਨਐੱਚਏਆਈ ਅੰਬਾਲਾ ਦੇ ਡਿਪਟੀ ਮੈਨੇਜਰ ਵਿਸ਼ਾਲ ਕੇਸਰਵਾਨੀ, ਸਾਈਟ ਇੰਜਨੀਅਰ ਲਲਿਤ ਕੁਸ਼ ਤੇ ਟਰੈਫ਼ਿਕ ਇੰਚਾਰਜ ਰਾਜਪੁਰਾ ਗੁਰਬਚਨ ਸਿੰਘ ਆਦਿ ਸ਼ਾਮਲ ਹੋਏ। ਮੀਟਿੰਗ ਤੋਂ ਪਹਿਲਾਂ ਐੱਸਡੀਐੱਮ ਨੇ ਐੱਨਐੱਚਏਆਈ ਦੇ ਅਧਿਕਾਰੀਆਂ ਦੇ ਨਾਲ ਰਾਜਪੁਰਾ ਬਾਈਪਾਸ ਅਤੇ ਮੇਨ ਰੋਡ ਦਾ ਮੌਕੇ ’ਤੇ ਨਿਰੀਖਣ ਕੀਤਾ। ਉਨ੍ਹਾਂ ਸਿਮਰਨ ਢਾਬੇ ਤੋਂ ਗਗਨ ਚੌਕ ਤੱਕ ਸਰਵਿਸ ਸੜਕ ’ਤੇ ਵਿਚਕਾਰ ਪਏ ਡੂੰਘੇ ਟੋਏ ਅਤੇ ਟੁੱਟੀਆਂ ਸੜਕਾਂ ਬਾਰੇ ਚਿੰਤਾ ਪ੍ਰਗਟ ਕਰਦਿਆਂ ਤੁਰੰਤ ਮੁਰੰਮਤ ਲਈ ਆਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਟੋਇਆਂ ਕਾਰਨ ਆਏ ਦਿਨ ਹਾਦਸੇ ਵਾਪਰਦੇ ਹਨ ਅਤੇ ਲੋਕਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਐੱਨਐੱਚਏ ਆਈ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇ। ਮੀਟਿੰਗ ਦੌਰਾਨ ਟਰੈਫ਼ਿਕ ਜਾਮ ਦੀ ਵਧ ਰਹੀ ਸਮੱਸਿਆ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।