ਸਰਸ ਮੇਲਾ: ਵਿਦੇਸ਼ੀ ਕਾਰੀਗਰਾਂ ਦੀਆਂ ਦੁਕਾਨਾਂ ਬਣੀਆਂ ਖਿੱਚ ਦਾ ਕੇਂਦਰ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 22 ਫਰਵਰੀ
ਸਰਸ ਮੇਲੇ ’ਚ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਲੋਕਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਬਣਾਏ ਗਏ ਪੰਜਾਬ ਦੇ ਸਭਿਆਚਾਰ ਨੂੰ ਦਰਸਾਉਂਦੇ ਸੈਲਫ਼ੀ ਕਾਰਨਰ ਖਿੱਚ ਦਾ ਕੇਂਦਰ ਬਣੇ ਹੋਏ ਹਨ। ਵਿਰਾਸਤੀ ਸ਼ੀਸ਼ ਮਹਿਲ ’ਚ ਦਾਖਲ ਹੁੰਦਿਆਂ ਹੀ ਥੋੜੀ ਦੂਰੀ ’ਤੇ ਖੱਬੇ ਪਾਸੇ ਬਣਿਆ ਸੈਲਫ਼ੀ ਪੁਆਇੰਟ ਮੇਲਾ ਦੇਖਣ ਆਉਣ ਵਾਲੇ ਹਰੇਕ ਦਰਸ਼ਕ ਨੂੰ ਆਪਣੇ ਵੱਖ ਆਕਰਸ਼ਤ ਕਰ ਰਿਹਾ ਹੈ। ਇਸੇ ਤਰ੍ਹਾਂ ਇਥੇ ਸੁੱਕੇ ਮੇਵੇ, ਮੋਜ਼ੇਕ ਲੈਂਪ, ਸਿਰੇਮਿਕ ਦਸਤਕਾਰੀ, ਮਿਸਰੀ ਪੁਰਾਤਨ ਵਸਤੂਆਂ ਅਤੇ ਔਰਤਾਂ ਦੇ ਫ਼ੈਸ਼ਨ ਦੀਆਂ ਵਸਤਾਂ ਵਰਗੀਆਂ ਵਿਲੱਖਣ ਚੀਜ਼ਾਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਅਫ਼ਗਾਨਿਸਤਾਨ ਤੋਂ ਪੁੱਜੇ ਸੁੱਕੇ ਮੇਵਿਆ ਦੇ ਵਪਾਰੀ ਅਬਦੁਲ ਨੇ ਇੱਥੇ ਲੋਕਾਂ ਵੱਲੋਂ ਮਿਲੇ ਉਤਸ਼ਾਹਜਨਕ ਹੁੰਗਾਰੇ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਮੇਲੇ ਲਈ ਖਾਸ ਤੌਰ ’ਤੇ ਅਖਰੋਟ, ਅੰਜੀਰ ਅਤੇ ਬਦਾਮ ਸਮੇਤ ਉੱਚ-ਗੁਣਵੱਤਾ ਵਾਲੇ ਸੁੱਕੇ ਮੇਵੇ ਲਿਆਇਆ ਹੈ। ਅਬਦੁਲ ਦਾ ਸਟਾਲ ਸਰਸ ਮੇਲੇ ਵਿੱਚ ਵਧੇਰੇ ਵਿਕਰੀ ਵਾਲਾ ਸਟਾਲ ਬਣਿਆ ਹੋਇਆ ਹੈ।
ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਸਰਸ ਮੇਲੇ ’ਚ ਬਣਾਏ ਗਏ ਸੈਲਫ਼ੀ ਕਾਰਨਰਾਂ ਵਿੱਚ ਗਾਰੇ ਨਾਲ ਲਿੱਪੇ ਘਰ, ਕੰਧ, ਚੁੱਲ੍ਹਾ ਚੌਂਕਾ ਦਰਸਾਏ ਗਏ ਹਨ ਤੇ ਇਨ੍ਹਾਂ ’ਤੇ ਪੁਰਾਣੇ ਸਮਿਆਂ ’ਚ ਜਿਸ ਤਰ੍ਹਾਂ ਕਲਾਕ੍ਰਿਤੀਆਂ ਕੀਤੀਆਂ ਗਈਆਂ ਹੁੰਦੀਆਂ ਸਨ, ਉਸੇ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਬਣਾਈਆਂ ਗਈਆਂ ਹਨ। ਸਰਸ ਮੇਲੇ ’ਚ ਚਰਖੇ, ਚੱਕੀਆਂ, ਛੱਜ, ਪੱਖੀਆਂ ਮਧਾਣੀਆਂ, ਘੜੇ ਆਦਿ ਜੋ ਪੰਜਾਬੀ ਖਾਸਕਰ ਪੰਜਾਬਣਾਂ ਦੀ ਰੋਜ਼ ਵਰਤੋਂ ਦੀਆਂ ਵਸਤਾਂ ਸਨ, ਉਨ੍ਹਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੱਥ ਕੱਢੀਆਂ ਦਰੀਆਂ, ਚੋਲ੍ਹੇ, ਫੁਲਕਾਰੀਆਂ, ਬਾਗ ਅਤੇ ਚਾਦਰਾਂ ਰਾਹੀਂ ਵੀ ਪੰਜਾਬ ਦੇ ਅਮੀਰ ਸਭਿਆਚਾਰ ਦੀ ਝਲਕ ਪੇਸ਼ ਕੀਤੀ ਜਾ ਰਹੀ ਹੈ। ਸੈਲਫੀ ਲੈ ਰਹੇ ਨੌਜਵਾਨਾਂ ਨੇ ਕਿਹਾ ਕਿ ਚਰਖਾ ਤੇ ਮਧਾਣੀ ਵਰਗੀਆਂ ਵਸਤਾਂ ਨੂੰ ਫੋਟੋਆਂ ’ਚ ਤਾਂ ਦੇਖਿਆ ਸੀ ਪਰ ਪਹਿਲੀ ਵਾਰ ਇਨ੍ਹਾਂ ਵਸਤਾਂ ਨੂੰ ਸਾਹਮਣੇ ਦੇਖਿਆ ਹੈ।
ਇਸੇ ਤਰ੍ਹਾਂ ਇਸ ਮੇਲੇ ਦੀ ਇੱਕ ਮੁੱਖ ਵਿਸ਼ੇਸ਼ਤਾ ਸ਼ਾਨਦਾਰ ਮਿਸਰੀ ਦਸਤਕਾਰੀ ਦੀ ਵਿਸ਼ੇਸ਼ਤਾ ਵਾਲਾ ਸਟਾਲ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ। ਇੱਥੇ ਮਿਸਰ ਦਾ ਕਾਰੀਗਰ ਕਾਇਰੋ, ਪੁਰਾਤਨ ਚੀਜ਼ਾਂ ਅਤੇ ਰਵਾਇਤੀ ਕਲਾਕ੍ਰਿਤੀਆਂ ਦਾ ਇੱਕ ਵਿਸ਼ੇਸ਼ ਸੰਗ੍ਰਹਿ ਲੈ ਕੇ ਪੁੱਜਿਆ ਹੈ ਜੋ ਮਿਸਰ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਹਨ। ਤੁਰਕੀ ਦੇ ਕਾਰੀਗਰ ਹਾਕਾਨ ਕਾਰਪੁਜ਼ ਅਤੇ ਹੇਰੁੱਲਾ ਕਾਰਪੁਜ਼ ਨੇ ਦੱਸਿਆ ਕਿ ਜਦੋਂ ਕਿ ਬਹੁਤ ਸਾਰੇ ਸੈਲਾਨੀ ਉਨ੍ਹਾਂ ਡਿਜ਼ਾਈਨਦਾਰ ਲੈਂਪਾਂ ਦੀ ਪ੍ਰਸ਼ੰਸਾ ਕਰਦੇ ਹਨ ਅਤੇ ਤਸਵੀਰਾਂ ਕਲਿੱਕ ਕਰਦੇ ਹਨ।