ਸਮਾਣਾ: ਅੱਡੇ ’ਚ ਸਰਕਾਰੀ ਬੱਸਾਂ ਨਾ ਆਉਣ ਕਾਰਨ ਸਵਾਰੀਆਂ ਖੁਆਰ
ਸ਼ਹਿਰ ਵਿੱਚ ਅੱਜ ਸਵੇਰ ਤੋਂ ਟੈਕਸੀ ਸਟੈਂਡ ਤੇ ਪ੍ਰਾਈਵੇਟ ਬੱਸਾਂ ਬੱਸ ਅੱਡੇ ਅੰਦਰ ਨਾਜਾਇਜ਼ ਤੌਰ ’ਤੇ ਖੜ੍ਹਨ ਦੇ ਰੋਸ ਵਜੋਂ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਸਰਕਾਰੀ ਬੱਸਾਂ ਬੱਸ ਸਟੈਂਡ ਦੀ ਬਜਾਏ ਟੀ-ਪੁਆਇੰਟ ਤੋਂ ਹੀ ਬਾਹਰ-ਬਾਹਰ ਚਲਾਉਣ ਕਾਰਨ ਸਾਰਾ ਦਿਨ ਸਵਾਰੀਆਂ ਨੂੰ ਖੱਜਲ ਖੁਆਰ ਹੋਣਾ ਪਿਆ। ਬੱਸ ਅੱਡੇ ਦੇ ਇੰਚਾਰਜ ਲਛਮਣ ਵਰਮਾ ਨੇ ਦੱਸਿਆ ਕਿ ਕਾਰਜਸਾਧਕ ਅਫਸਰ ਨਾਲ ਸਾਲ ਭਰ ਤੋਂ ਪ੍ਰਾਈਵੇਟ ਬੱਸਾਂ ਤੇ ਟੈਕਸੀ ਸਟੈਂਡ ਦੀਆਂ ਕਾਰਾਂ ਨੂੰ ਬੱਸ ਅੱਡੇ ਤੋਂ ਬਾਹਰ ਭੇਜਣ ਲਈ ਗੱਲਬਾਤ ਕੀਤੀ ਜਾ ਰਹੀ ਹੈ, ਪਰ ਲਾਰਿਆਂ ਤੋਂ ਸਿਵਾਏ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰੀਆਂ ਰੂਟ ਵਾਲੀਆਂ ਬੱਸਾਂ ਅੱਡਾ ਫੀਸ ਤੇ ਰਾਤ ਨੂੰ ਪਾਰਕਿੰਗ ਫੀਸ ਅਦਾ ਕਰਦੀਆਂ ਹਨ ਪਰ ਸਹੂਲਤ ਕੋਈ ਨਹੀਂ ਮਿਲ ਰਹੀ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਵਾਹਨਾਂ ਦੀ ਨਾਜਾਇਜ਼ ਪਾਰਕਿੰਗ ਨਾਲ ਬੱਸ ਚਾਲਕਾਂ ਨੂੰ ਵਾਹਨ ਅੱਗੇ ਪਿੱਛੇ ਖੜ੍ਹੇ ਹੋਣ ਕਰ ਕੇ ਬੱਸਾਂ ਮੋੜਨ ’ਚ ਦਿੱਕਤ ਆਉਂਦੀ ਹੈ। ਕਈ ਵਾਰ ਵਾਹਨਾਂ ਨਾਲ ਟੱਕਰ ਵੀ ਹੋ ਜਾਂਦੀ ਹੈ ਜੋ ਫਿਰ ਝਗੜੇ ਦਾ ਕਾਰਨ ਬਣਦੀ ਹੈ। ਉਨ੍ਹਾਂ ਕਿਹਾ ਕਿ ਬੱਸਾਂ ਓਨੀ ਦੇਰ ਬਸ ਸਟੈਂਡ ਤੋਂ ਨਹੀਂ ਚੱਲਣਗੀਆਂ ਜਦੋਂ ਤੱਕ ਇਸ ਮਸਲੇ ਦਾ ਹੱਲ ਨਹੀਂ ਹੋ ਜਾਂਦਾ। ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਦੀਪਕ ਕੁਮਾਰ ਨੇ ਟੈਕਸੀ ਸਟੈਂਡ ਤੇ ਪ੍ਰਾਈਵੇਟ ਬੱਸ ਮਾਲਕਾਂ ਨੂੰ ਦੋ ਦਿਨਾਂ ਦੇ ਅੰਦਰ ਅੰਦਰ ਆਪਣੇ ਵਾਹਨ ਬੱਸ ਅੱਡੇ ਤੋਂ ਬਾਹਰ ਲਿਜਾਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਾਈਵੇਟ ਵਾਹਨ ਬਾਹਰ ਨਹੀਂ ਕੱਢੇ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।