ਸਾਹਿਤ ਅਕੈਡਮੀ ਵੱਲੋਂ ਪੁਸਤਕ ‘ਮੁਹੱਬਤ ਨੇ ਕਿਹਾ’ ਉੱਤੇ ਚਰਚਾ
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਲੋਕ ਸਾਹਿਤ ਸੰਗਮ ਰਾਜਪੁਰਾ ਦੇ ਸਹਿਯੋਗ ਨਾਲ ਸਥਾਨਕ ਰੋਟਰੀ ਕਲੱਬ ਵਿੱਚ ਡਾ. ਦੇਵਿੰਦਰ ਸੈਫ਼ੀ ਦੀ ਪੁਸਤਕ ‘ਮੁਹੱਬਤ ਨੇ ਕਿਹਾ’ ਉੱਤੇ ਵਿਚਾਰ ਗੋਸ਼ਟੀ ਕਰਵਾਈ। ਸਭਾ ਦੀ ਅਗਵਾਈ ਡਾ. ਗੁਰਵਿੰਦਰ ਅਮਨ ਨੇ ਕੀਤੀ, ਜਿਨ੍ਹਾਂ ਨੇ ਪੁਸਤਕ ਦੀ...
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਲੋਕ ਸਾਹਿਤ ਸੰਗਮ ਰਾਜਪੁਰਾ ਦੇ ਸਹਿਯੋਗ ਨਾਲ ਸਥਾਨਕ ਰੋਟਰੀ ਕਲੱਬ ਵਿੱਚ ਡਾ. ਦੇਵਿੰਦਰ ਸੈਫ਼ੀ ਦੀ ਪੁਸਤਕ ‘ਮੁਹੱਬਤ ਨੇ ਕਿਹਾ’ ਉੱਤੇ ਵਿਚਾਰ ਗੋਸ਼ਟੀ ਕਰਵਾਈ। ਸਭਾ ਦੀ ਅਗਵਾਈ ਡਾ. ਗੁਰਵਿੰਦਰ ਅਮਨ ਨੇ ਕੀਤੀ, ਜਿਨ੍ਹਾਂ ਨੇ ਪੁਸਤਕ ਦੀ ਜਾਣ-ਪਛਾਣ ਕਰਵਾਈ ਅਤੇ ਸੈਫ਼ੀ ਦੀ ਰਚਨਾਤਮਕਤਾ ਦੀ ਪ੍ਰਸ਼ੰਸਾ ਕੀਤੀ। ਡਾ. ਸੰਤੋਖ ਸੁੱਖੀ ਨੇ ਪੁਸਤਕ ਨੂੰ ਮਨੁੱਖੀ ਜ਼ਿੰਦਗੀ ਅਤੇ ਪ੍ਰੀਤ ਦੇ ਦਰਸ਼ਨ ਦਾ ਵਿਲੱਖਣ ਸੰਵਾਦ ਕਿਹਾ, ਜਦਕਿ ਡਾ. ਮੋਹਨ ਤਿਆਗੀ ਨੇ ਇਸ ਨੂੰ ਦਾਰਸ਼ਨਿਕ ਬੋਧ ਅਤੇ ਕਾਵਿਕ ਨਵੇਂ ਅੰਦਾਜ਼ ਦਾ ਮਹੱਤਵਪੂਰਨ ਦਸਤਾਵੇਜ਼ ਦੱਸਿਆ। ਨਾਟਕਕਾਰ ਸ਼ਬਦੀਸ਼ ਨੇ ਕਿਹਾ ਕਿ ਸੈਫ਼ੀ ਦੀ ਕਵਿਤਾ ਪਾਠਕ ਨੂੰ ਇਕ ਨਵੀਂ ਦੁਨੀਆ ਵਿੱਚ ਲੈ ਜਾਂਦੀ ਹੈ, ਜਦਕਿ ਸੰਜੀਵਨ ਨੇ ਪੁਸਤਕ ਦੇ ਫ਼ਲਸਫ਼ੇ ਤੇ ਮੁਹੱਬਤ ਦੇ ਨਵੇਂ ਜਲਵੇ ਦੀ ਸ਼ਲਾਘਾ ਕੀਤੀ। ਡਾ. ਗੁਰਵਿੰਦਰ ਅਮਨ ਨੇ ਅਕੈਡਮੀ ਦੇ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮਾਗਮ ਨਾਲ ਇਲਾਕੇ ਦੇ ਕਵੀਆਂ ਤੇ ਸਰੋਤਿਆਂ ਨੂੰ ਨਵਾਂ ਹੁਲਾਰਾ ਮਿਲਿਆ ਹੈ। ਸਮਾਗਮ ਦੀ ਸਟੇਜ ਬਲਦੇਵ ਸਿੰਘ ਖੁਰਾਣਾ ਨੇ ਸੰਭਾਲੀ, ਜਦਕਿ ਕਵਿਤਾ ਪਾਠ ਸੁਰਿੰਦਰ ਸੋਹਣਾ, ਸੁਰਿੰਦਰ ਬਾੜਾ, ਕਰਮ ਸਿੰਘ ਹਕੀਰ, ਗੁਰਿੰਦਰ ਕਲਸੀ, ਬਲਵਿੰਦਰ ਢਿੱਲੋਂ ਤੇ ਅਵਤਾਰ ਪੁਆਰ ਆਦਿ ਨੇ ਕੀਤਾ।