ਵਿੰਡੋ ਏਸੀ ਪੁੱਟ ਕੇ ਕੋਆਪ੍ਰੇਟਿਵ ਬੈਂਕ ਵਿੱਚ ਚੋਰੀ
ਸਮਾਣਾ-ਭਵਾਨੀਗੜ੍ਹ ਰੋਡ ’ਤੇ ਪਿੰਡ ਗਾਜੇਵਾਸ ਸਥਿਤ ਕੋਆਪ੍ਰੇਟਿਵ ਬੈਂਕ ਵਿੱਚ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਦਾਖਲ ਹੋ ਕੇ ਕੈਮਰੇ, ਕੰਪਿਊਟਰ, ਇਲੈਕਟ੍ਰਾਨਿਕ ਸਾਮਾਨ ਅਤੇ ਬੈਂਕ ਦੇ ਦਸਤਾਵੇਜ਼ ਚੋਰੀ ਕਰ ਲਏ। ਹਾਲਾਂਕਿ, ਚੋਰ ਬੈਂਕ ਦੇ ਲੌਕਰ ਤੋੜਨ ਵਿੱਚ ਅਸਫ਼ਲ ਰਹੇ, ਜਿਸ ਕਾਰਨ ਉਹ ਨਕਦੀ ਚੋਰੀ ਨਹੀਂ ਕਰ ਸਕੇ। ਪੁਲੀਸ ਚੌਕੀ ਦੇ ਬਿਲਕੁਲ ਨਜ਼ਦੀਕ ਸਥਿਤ ਬੈਂਕ ਵਿੱਚ ਹੋਈ ਇਸ ਚੋਰੀ ਦੀ ਜਾਣਕਾਰੀ ਅੱਜ ਸਵੇਰੇ ਬੈਂਕ ਦੇ ਸੁਰੱਖਿਆ ਗਾਰਡ ਨੂੰ ਬੈਂਕ ਪਹੁੰਚਣ ’ਤੇ ਮਿਲੀ। ਜਦੋਂ ਉਸ ਨੇ ਬੈਂਕ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਸਾਰੇ ਬਲਬ ਅਤੇ ਪੱਖੇ ਚੱਲ ਰਹੇ ਸਨ ਅਤੇ ਕਾਗਜ਼ਾਤ ਤੇ ਸਾਮਾਨ ਖਿੱਲਰਿਆ ਪਿਆ ਸੀ। ਸੂਚਨਾ ਮਿਲਣ ’ਤੇ ਬੈਂਕ ਮੈਨੇਜਰ ਅਤੇ ਸਦਰ ਪੁਲੀਸ ਮੁਖੀ ਤੇ ਗਾਜੇਵਾਸ ਪੁਲੀਸ ਚੌਕੀ ਇੰਚਾਰਜ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਬੈਂਕ ਮੈਨੇਜਰ ਹਰਜੀਤ ਸਿੰਘ ਅਤੇ ਸੁਰੱਖਿਆ ਗਾਰਡ ਅਨੁਸਾਰ ਰਾਤ ਸਮੇਂ ਆਏ ਚੋਰ ਉੱਥੇ ਲੱਗੇ ਵਿੰਡੋ ਏਸੀ ਨੂੰ ਖੋਲ੍ਹ ਕੇ ਬੈਂਕ ਦੇ ਅੰਦਰ ਦਾਖਲ ਹੋਏ। ਉਨ੍ਹਾਂ ਨੇ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਵੱਢ ਕੇ ਡੀਵੀਆਰ ਪੁੱਟ ਲਿਆ ਅਤੇ ਬੈਂਕ ਦੀਆਂ ਸਾਰੀਆਂ ਅਲਮਾਰੀਆਂ ਤੇ ਦਰਾਜ਼ਾਂ ਨੂੰ ਵੀ ਪੂਰੀ ਤਰ੍ਹਾਂ ਖੰਗਾਲਿਆ। ਲੌਕਰ ਤੋੜਨ ਦੀ ਕੋਸ਼ਿਸ਼ ਅਸਫ਼ਲ ਹੋਣ ’ਤੇ ਚੋਰਾਂ ਨੇ ਉਥੇ ਪਏ ਦੋ ਕੰਪਿਊਟਰ, ਸਕ੍ਰੀਨ, ਲੈਪਟਾਪ, ਸੀਪੀਯੂ, ਹਾਰਡਵੇਅਰ ਸਮੇਤ ਹੋਰ ਸਾਮਾਨ ਦੇ ਨਾਲ ਬੈਂਕ ਵਿੱਚ ਰੱਖੀ ਮੈਨੇਜਰ ਦੀ ਕੁਰਸੀ ਅਤੇ ਸੁਰੱਖਿਆ ਗਾਰਡ ਦੀ ਬੰਦੂਕ ਵੀ ਚੋਰੀ ਕਰ ਲਈ। ਸਦਰ ਪੁਲੀਸ ਇੰਚਾਰਜ ਅਜੈ ਕੁਮਾਰ ਪਰੋਚਾ ਨੇ ਦੱਸਿਆ ਕਿ ਬੈਂਕ ਮੈਨੇਜਰ ਹਰਜੀਤ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।