ਰਿਤੂ ਰਾਣੀ ਬਣੀ ਨਗਰ ਪੰਚਾਇਤ ਖਨੌਰੀ ਦੀ ਪ੍ਰਧਾਨ
ਕਰੀਬ ਢਾਈ ਸਾਲ ਬਾਅਦ ਨਗਰ ਪੰਚਾਇਤ ਖਨੌਰੀ ਦੀ ਚੋਣ ਹੋਈ ਜਿਸ ਦੌਰਾਨ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਔਰਤਾਂ ਦੇ ਹਿੱਸੇ ਆਏ। ਚੋਣ ਵਿੱਚ ਵਾਰਡ ਨੰਬਰ 10 ਤੋਂ ਜੇਤੂ ਕੌਂਸਲਰ ਰਿਤੂ ਰਾਣੀ ਪਤਨੀ ਬਲਜਿੰਦਰ ਸਿੰਘ ਨਿਰਵਿਰੋਧ ਪ੍ਰਧਾਨ, ਵਾਰਡ ਨੰਬਰ 6 ਤੋਂ ਕੌਂਸਲਰ ਸੀਨੂੰ ਗਰਗ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ ਨੰਬਰ 13 ਤੋਂ ਕੌਂਸਲਰ ਜੂਨੀਅਰ ਮੀਤ ਪ੍ਰਧਾਨ ਕੁਲਦੀਪ ਕੌਰ ਚੁਣੇ ਗਏ। ਉਪ ਮੰਡਲ ਮਜਿਸਟਰੇਟ ਸੂਬਾ ਸਿੰਘ ਦੀ ਹਾਜ਼ਰੀ ਵਿੱਚ ਨਗਰ ਪੰਚਾਇਤ ਖਨੌਰੀ ਦੇ 13 ਵਿੱਚੋਂ 11 ਕੌਂਸਲਰ ਹਾਜ਼ਰ ਹੋਏ ਜਦਕਿ ਦੋ ਕੌਂਸਲਰਾਂ ਨੇ ਚੋਣ ਵਿੱਚ ਭਾਗ ਨਹੀਂ ਲਿਆ। ਚੋਣ ਵਿੱਚ ਕੌਂਸਲਰ ਸ਼ਿੰਦਰਜੀਤ ਕੌਰ, ਬਲਵਿੰਦਰ ਸਿੰਘ, ਅੰਕੁਰ ਸਿੰਗਲਾ, ਹਰਬੰਸ ਸਿੰਗਲਾ, ਸੀਨੂ ਗਰਗ, ਕੁਲਦੀਪ ਸਿੰਘ ਪੂਨੀਆ, ਸੁਭਾਸ਼ ਚੰਦ, ਰੀਤੂ ਰਾਣੀ, ਕ੍ਰਿਸ਼ਨ ਲਾਲ, ਨੀਰੂ ਤੇ ਕੁਲਦੀਪ ਕੌਰ ਮੌਜੂਦ ਸਨ। ਬਲਵਿੰਦਰ ਸਿੰਘ ਨੇ ਪ੍ਰਧਾਨ ਲਈ ਰਿਤੂ ਰਾਣੀ ਦਾ ਨਾਮ ਪੇਸ਼ ਕੀਤਾ ਜਿਸ ਦੀ ਤਾਈਦ ਸੁਭਾਸ਼ ਚੰਦ ਨੇ ਕੀਤੀ ਉਪਰੰਤ ਹਾਜ਼ਰ ਕੌਂਸਲਰਾਂ ਨੇ ਹੱਥ ਖੜ੍ਹੇ ਕਰਕੇ ਰਿਤੂ ਰਾਣੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ, ਸੀਨੀਅਰ ਮੀਤ ਪ੍ਰਧਾਨ ਲਈ ਹਰਬੰਸ ਸਿਗਲਾ ਨੇ ਕੌਂਸਲਰ ਸੀਨੂੰ ਗਰਗ ਦਾ ਨਾਮ ਪੇਸ਼ ਕੀਤਾ ਜਿਸ ਦੀ ਤਾਈਦ ਕੌਂਸਲਰ ਕੁਲਦੀਪ ਸਿੰਘ ਪੂਣੀਆਂ ਨੇ ਕੀਤੇ ਜਾਣ ’ਤੇ ਸੱਤ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਹਿਮਤੀ ਪ੍ਰਗਟ ਕੀਤੀ। ਕੌਂਸਲਰ ਕੁਲਦੀਪ ਕੌਰ ਨੂੰ ਚਾਰ ਮੈਂਬਰਾਂ ਦੇ ਸਮਰਥਨ ਨਾਲ ਜੂਨੀਅਰ ਮੀਤ ਪ੍ਰਧਾਨ ਚੁਣ ਲਿਆ ਗਿਆ।