ਚੌਲ ਭੰਡਾਰਨ ਦੇ ਨਾਕਸ ਪ੍ਰਬੰਧਾਂ ਤੋਂ ਰਾਈਸ ਮਿੱਲਰ ਪ੍ਰੇਸ਼ਾਨ
ਕੇਂਦਰ ਸਰਕਾਰ ਨੂੰ ਤੁਰੰਤ ਦਖ਼ਲ ਦੇ ਕੇ ਮਸਲੇ ਦਾ ਹੱਲ ਯਕੀਨੀ ਬਣਾਉਣ ਦੀ ਅਪੀਲ
ਝੋਨੇ ਦੀ ਮਿਲਿੰਗ ਵਾਸਤੇ ਸ਼ੁਰੂ ਹੋਏ ਸੀਜ਼ਨ ਦੌਰਨ 105 ਲੱਖ ਟਨ ਚੌਲ ਤਿਆਰ ਹੋਣਗੇ ਪਰ ਕੇਂਦਰੀ ਏਜੰਸੀ ਐੱਫ ਸੀ ਆਈ ਕੋਲ ਸਿਰਫ 22 ਲੱਖ ਟਨ ਚੌਲ ਭੰਡਾਰਨ ਕਰਨ ਦੇ ਹੀ ਪ੍ਰਬੰਧ ਹਨ, ਜੋ ਰਾਈਸ ਮਿੱਲਰਾਂ ਲਈ ਵੱਡੀ ਚਿੰਤਾ ਦਾ ਕਾਰਨ ਹੈ। ਰਾਈਸ ਮਿੱਲਰਜ਼ ਨੇ ਇਸ ਮਾਮਲੇ ’ਚ ਕੇਂਦਰ ਸਰਕਾਰ ਨੂੰ ਤੁਰੰਤ ਦਖ਼ਲ ਦੇ ਕੇ ਮਸਲੇ ਦਾ ਹੱਲ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਬਾਕੀ 83 ਲੱਖ ਟਨ ਚੌਲ ਦੀ ਸਟੋਰੇਜ ਨਾ ਹੋ ਸਕਣ ਕਰਕੇ ਰਾਈਸ ਮਿੱਲਰਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਹੈ। ਅੱਜ ਇੱਥੇ ਪਟਿਆਲਾ ਮੀਡੀਆ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗਿਆਨ ਚੰਦ ਭਾਰਦਵਾਜ ਤੇ ਸਾਥੀਆਂ ਨੇ ਦੱਸਿਆ ਕਿ ਐਤਕੀਂ ਪੰਜਾਬ ਵਿੱਚ ਝੋਨੇ ਦੀ ਹੋਈ ਪੈਦਾਵਾਰ ਦੇ ਤਹਿਤ ਰਾਈਸ ਮਿੱਲਰਾਂ ਨੂੰ ਮਿਲਿੰਗ ਵਾਸਤੇ 156 ਲੱਖ ਟਨ ਝੋਨਾ ਸੌਂਪਿਆ ਗਿਆ ਹੈ, ਜਿਸ ਵਿੱਚੋਂ 105 ਲੱਖ ਟਨ ਚੌਲ ਤਿਆਰ ਕਰ ਕੇ ਐੱਫ ਸੀ ਆਈ ਨੂੰ ਸਪਲਾਈ ਕੀਤੇ ਜਾਣੇ ਹਨ ਪਰ ਐੱਫ ਸੀ ਆਈ ਕੋਲ ਚੌਲ ਭੰਡਾਰਨ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਰੇ ਰਾਈਸ ਮਿੱਲਰਾਂ ਨੇ ਢੁਕਵੇਂ ਪ੍ਰਬੰਧਾਂ ਲਈ ਕੇਂਦਰ ਸਰਕਾਰ ਕੋਲ ਅਪੀਲ ਕੀਤੀ ਹੈ। ਇਸ ਮੌਕੇ ਜੈਪਾਲ ਗੋਇਲ, ਨਾਮਦੇਵ ਅਰੋੜਾ, ਅਰਵਿੰਦ ਜ਼ੁਲਕਾਂ, ਅਸ਼ਵਨੀ ਕੁਮਾਰ, ਬਲਵਿੰਦਰ ਧੂਰੀ, ਸੰਜੀਵ ਕੁਮਾਰ ਮਾਨਸਾ, ਅਮਿਤ ਗੋਇਲ ਰਿਸ਼ੂ, ਰਾਜੀਵ ਸ਼ੇਰੂ, ਬੰਟੀ ਧੂਰੀ, ਅਨਿਲ ਧਵਨ, ਪਵਨ ਕੁਮਾਰ, ਜੈਪਾਲ ਮਿੱਡਾ ਤੇ ਵਿਕਾਸ ਖਰੜ ਆਦਿ ਰਾਈਸ ਮਿੱਲਰਜ਼ ਵੀ ਮੌਜੂਦ ਸਨ।

