ਸਿਹਤ ਮੰਤਰੀ ਵੱਲੋਂ ਰਾਜਿੰਦਰਾ ਹਸਪਤਾਲ ਵਿੱਚ ਸੇਵਾਵਾਂ ਦਾ ਜਾਇਜ਼ਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਫਰਵਰੀ
ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਦਾ ਦੌਰਾ ਕਰਕੇ ਪ੍ਰਦਾਨ ਕੀਤੀਆਂ ਜਾਂਦੀਆਂ ਸਿਹਤ ਸੇਵਾਵਾਂ ਅਤੇ ਮੁਫ਼ਤ ਦਵਾਈਆਂ ਦਾ ਜਾਇਜ਼ਾ ਲਿਆ। ਉਨ੍ਹਾ ਜ਼ੋਰ ਦੇ ਕੇ ਆਖਿਆ ਕਿ ਜੇਕਰ ਕਿਸੇ ਮਰੀਜ਼ ਦੀ ਪਰਚੀ ਦਵਾਈ ਲੈਣ ਲਈ ਹਸਪਤਾਲ ਤੋਂ ਬਾਹਰ ਗਈ ਤਾਂ ਸਬੰਧਤ ਡਾਕਟਰ ਜ਼ਿੰਮੇਵਾਰ ਹੋਵੇਗਾ।
ਉਨ੍ਹਾਂ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿੱਚ ਮਰੀਜ਼ਾਂ ਨੂੰ ਵਾਰਡ ਵਿੱਚੋਂ ਐਕਸਰੇ, ਐੱਮਆਰਆਈ ਤੇ ਸੀਟੀ ਸਕੈਨ ਆਦਿ ਕਰਨ ਲਈ ਸਟਰੈਚਰ ’ਤੇ ਲਿਜਾਣ ਦੀ ਬਜਾਏ ਗੋਲਫ ਕਾਰਟ ਉੱਤੇ ਲਿਜਾਇਆ ਜਾਵੇਗਾ। ਅਜਿਹੀਆਂ ਦੋ ਗੋਲਫ ਕਾਰਟ ਖਰੀਦ ਲਈਆਂ ਗਈਆਂ ਹਨ। ਮੰਤਰੀ ਨੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਅਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਇਹ ਗੱਡੀਆਂ ਤੁਰੰਤ ਚਲਾਏ ਜਾਣ ਦੀ ਹਦਾਇਤ ਕੀਤੀ, ਤਾਂ ਕਿ ਗੰਭੀਰ ਮਰੀਜ਼ਾਂ ਨੂੰ ਸਟਰੈਚਰ ਉਪਰ ਨਾ ਲਿਜਾਣਾ ਪਵੇ।
ਪੱਤਰਕਾਰਾਂ ਨਾਲ ਹੋਈ ਗੱਲਬਾਤ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਦਵਾਈਆਂ ਤੇ ਟੈਸਟਾਂ ਲਈ ਮਰੀਜ਼ ਨੂੰ ਬਾਹਰ ਭੇਜਣ ਦੀ ਬਜਾਏ ਹਸਪਤਾਲਾਂ ਦੇ ਅੰਦਰ ਹੀ ਅਜਿਹੀ ਵਿਵਸਥਾ ਯਕੀਨੀ ਬਣਾਏ ਜਾਣ ਸਬੰਧੀ ਕਮੀਆਂ ਪੇਸ਼ੀਆਂ ਨੂੰ ਭਾਂਪਣ ਲਈ ਹੀ ਉਨ੍ਹਾਂ ਵੱਲੋਂ ਪੰਜਾਬ ਦੇ ਹਸਪਤਾਲਾਂ ਦੇ ਦੌਰੇ ਕੀਤੇ ਜਾ ਰਹੇ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਮਰੀਜ਼ਾਂ ਦੀ ਜਾਨ ਬਚਾਉਣ ਲਈ ਲੋੜੀਂਦੀਆਂ ਜ਼ਰੂਰੀ ਦਵਾਈਆਂ ਸਰਕਾਰ ਆਪਣੇ ਵੇਅਰਹਾਊਸ ਵਿੱਚੋਂ ਸਪਲਾਈ ਕਰ ਰਹੀ ਹੈ। ਜਿਹੜੀਆਂ ਦਵਾਈਆਂ ਅਜੇ ਉਪਲਬਧ ਨਹੀਂ, ਦੀ ਪਾਰਦਰਸ਼ੀ ਢੰਗ ਨਾਲ ਖਰੀਦ ਕਰਨ ਲਈ ਸਰਕਾਰੀ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਤੇ ਹਸਪਤਾਲਾਂ ਦੇ ਮੈਡੀਕਲ ਸੁੁਪਰਡੈਂਟਾਂ ਨੂੰ ਫੰਡਜ਼ ਅਤੇ ਅਧਿਕਾਰ ਦਿੱਤੇ ਜਾ ਰਹੇ ਹਨ। ਇਸ ਬਾਬਤ ਕਮੇਟੀਆਂ ਬਣਾਉਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਐਕਸਰੇ ਤੇ ਅਲਟਰਾਸਾਊਂਡ ਮਸ਼ੀਨਾਂ ਦੀ ਖਰੀਦ ਵੀ ਕੀਤੀ ਗਈ ਹੈ, ਜੋ ਇੰਸਟਾਲ ਕੀਤੀਆਂ ਜਾ ਰਹੀਆਂ ਹਨ। ਮੰਤਰੀ ਦਾ ਕਹਿਣਾ ਸੀ ਕਿ ਨਵੀਆਂ ਸਕੀਮਾਂ ਕ੍ਰਿਟੀਕਲ ਕੇਅਰ ਬਲਾਕ, ਜੈਰੀਏਟਿਵ ਕੇਅਰ ਬਜ਼ੁਰਗਾਂ ਦੀ ਸੰਭਾਲ, ਪੈਲੀਏਟਿਵ ਕੇਅਰ ਕੈਂਸਰ ਦੇ ਮਰੀਜਾਂ ਦੀ ਸੰਭਾਲ, ਪਰਮੀਨਿਲਰੀ ਸਿਕ ਮਰੀਜ਼ਾਂ ਲਈ ਡੋਮੀਸਿਲਰੀ ਕੇਅਰ ਤੇ ਸਕਿਲ ਡਿਵੈਲਪਮੈਂਟ ਕੋਰਸ ਆਦਿ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਆਯੂਸ਼ਮਾਨ ਕਾਰਡ ਤਹਿਤ ਪੰਜਾਬ ਵੱਲੋਂ 44 ਲੱਖ ਪਰਿਵਾਰਾਂ ਵਿੱਚੋਂ 28 ਲੱਖ ਪਰਿਵਾਰਾਂ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 5 ਲੱਖ ਰੁਪਏ ਤੱਕ ਇਲਾਜ ਕਵਰ ਕੀਤਾ ਜਾ ਰਿਹਾ ਹੈ। ਇਕ ਮੌਕੇ ਡਾ. ਰਾਜਨ ਸਿੰਗਲਾ, ਡਾ. ਰਾਜਾ ਪਰਮਜੀਤ ਸਿੰਘ, ਡਾ. ਵਿਨੋਦ ਡੰਗਵਾਲ, ਡਾ. ਦਿਪਾਲੀ ਤੇ ਡਾ. ਗਿਰੀਸ਼ ਸਾਹਨੀ ਵੀ ਮੌਜੂਦ ਸਨ।