ਪਟਿਆਲੇ ਦਾ ਤੇਜ਼ ਵਿਕਾਸ ਸਾਡੀ ਤਰਜੀਹ: ਮੇਅਰ
ਅਧਿਕਾਰੀਆਂ ਨਾਲ ਮੀਟਿੰਗ ਵਿੱਚ ਸੜਕਾਂ, ਸੀਵਰੇਜ ਤੇ ਪਾਣੀ ਸਪਲਾਈ ਪ੍ਰਾਜੈਕਟਾਂ ਦੀ ਸਮੀਖਿਆ
ਸ਼ਹਿਰ ਦੀਆਂ ਸੜਕਾਂ, ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ’ਤੇ ਆਧਾਰਤ ਵਿਸ਼ੇਸ਼ ਤੇ ਵਿਆਪਕ ਪ੍ਰਾਜੈਕਟਾਂ ਦੀ ਸਮੀਖਿਆ ਲਈ ਮੇਅਰ ਕੁੰਦਨ ਗੋਗੀਆ ਨੇ ਐੱਲ ਐਂਡ ਟੀ ਕੰਪਨੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਜਿਸ ਦੌਰਾਨ ਸ਼ਹਿਰ ’ਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਲੈਂਦਿਆਂ ਬਾਰੀਕੀ ਨਾਲ ਰਿਪੋਰਟ ਵੀ ਲਈ। ਮੇਅਰ ਕੁੰਦਨ ਗੋਗੀਆ ਨੇ ਮੀਟਿੰਗ ’ਚ ਵੀ ਹਰ ਪ੍ਰਾਜੈਕਟ ਦੀ ਗੁਣਵੱਤਾ ਅਤੇ ਸਮਾਂਬੱਧਤਾ ਯਕੀਨੀ ਬਣਾਉਣ ਦੀ ਸਪੱਸ਼ਟ ਤਾਕੀਦ ਕੀਤੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਐਡਵੋਕੇਟ ਰਾਹੁਲ ਸੈਣੀ, ਕਰਨਲ ਜੇ ਵੀ ਸਿੰਘ, ਐੱਮ.ਸੀ. ਜਸਬੀਰ ਗਾਂਧੀ, ਐਕਸੀਅਨ ਦੇਸ਼ਦੀਪਕ, ਜਸਵੰਤ ਟਿਵਾਣਾ, ਮੁਕਤਾ ਗੁਪਤਾ, ਦਵਿੰਦਰ ਕੌਰ, ਮਨਦੀਪ ਵਿਰਦੀ, ਦੀਪਕ ਮਿੱਤਲ, ਰੁਪਾਲੀ ਗਰਗ, ਐੱਮ.ਸੀ. ਗੁਰਕਿਰਪਾਲ ਸਿੰਘ ਕਸਿਆਣਾ, ਚਰਨਜੀਤ ਸਿੰਘ ਐਸਕੇ, ਦਵਿੰਦਰ ਗੋਲਡੀ, ਭੁਪਿੰਦਰ ਸਿੰਘ ਅਤੇ ਓਮ ਪ੍ਰਕਾਸ਼ ਪ੍ਰਧਾਨ ਮੌਜੂਦ ਸਨ। ਇਸ ਮੌਕੇ ਉਨ੍ਹਾਂ ਕੰਪਨੀ ਦੇ ਪ੍ਰਤੀਨਿਧੀਆਂ ਵੱਲੋਂ ਸ਼ਹਿਰ ਵਿੱਚ ਚੱਲ ਰਹੀਆਂ ਸੜਕਾਂ ਦੀ ਰੀ-ਕਾਰਪੇਟਿੰਗ, ਸੀਵਰੇਜ ਪ੍ਰਬੰਧਨ ਅਤੇ ਪਾਣੀ ਸਪਲਾਈ ਸਬੰਧੀ ਪ੍ਰਾਜੈਕਟ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ। ਮੇਅਰ ਨੇ ਕਿਹਾ ਕਿ ਸ਼ਹਿਰ ਦੇ ਹਰ ਇਲਾਕੇ ਵਿੱਚ ਵਿਕਾਸ ਕਾਰਜਾਂ ਦੀ ਗੁਣਵੱਤਾ ’ਤੇ ਕਿਸੇ ਵੀ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਟੈਕਸ ਦੀ ਇੱਕ-ਇੱਕ ਪਾਈ ਲੋਕਾਂ ਦੇ ਹੀ ਹਿੱਤ ਵਿੱਚ ਵਰਤਿਆ ਜਾਵੇਗਾ। ਅੰਤ ਵਿੱਚ ਮੇਅਰ ਨੇ ਹਾਜ਼ਰ ਕੌਂਸਲਰਾਂ ਦਾ ਉਨ੍ਹਾਂ ਵੱਲੋਂ ਫੀਡਬੈਕ ਦੇਣ ਲਈ ਧੰਨਵਾਦ ਕੀਤਾ। ਮੇਅਰ ਨੇ ਭਰੋਸਾ ਜਤਾਇਆ ਕਿ ਉਹ ਭਵਿੱਖ ’ਚ ਅਜਿਹੀਆਂ ਮੀਟਿੰਗਾਂ ਕਰਦੇ ਰਹਿਣਗੇ।
ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ’ਤੇ ਨਿਗਰਾਨੀ ਦੀ ਹਦਾਇਤ
ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮੇਅਰ ਗੋਗੀਆ ਨੇ ਹਦਾਇਤ ਦਿੱਤੀ ਕਿ ਉਹ ਜ਼ਮੀਨੀ ਪੱਧਰ ’ਤੇ ਜਾ ਕੇ ਨਿਗਰਾਨੀ ਕਰਨ ਅਤੇ ਜਿੱਥੇ ਵੀ ਵਿਕਾਸ ਕਾਰਜਾਂ ਦੀ ਕਾਰਜਾਂ ਦੀ ਰਫ਼ਤਾਰ ਧੀਮੀ ਹੈ, ਉੱਥੇ ਤੁਰੰਤ ਕਾਰਵਾਈ ਕਰਦਿਆਂ ਕੰਮ ’ਤੇ ਤੇਜ਼ੀ ਯਕੀਨੀ ਬਣਾਈ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ਹਿਰ ਦੇ ਵਿਕਾਸ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਨਗਰ ਨਿਗਮ ਦੀ ਪ੍ਰਾਥਮਿਕਤਾ ਹੈ ਤਾਂ ਜੋ ਲੋਕ ਮੁਸ਼ਕਲਾਂ ਦਾ ਸਮਾਧਾਨ ਯਕੀਨੀ ਬਣਾਇਆ ਜਾ ਸਕੇ।

